ਬਰੱਸਲਜ਼ (ਰਾਇਟਰ) : ਅਮਰੀਕਾ ਦੀ ਅਗਵਾਈ ਵਾਲੇ ਫ਼ੌਜੀ ਗੱਠਜੋੜ ਨਾਟੋ ਦੇ ਬਰੱਸਲਜ਼ ਸਥਿਤ ਹੈੱਡਕੁਆਰਟਰ ਪੁੱਜੇ ਯੂਕਰੇਨ ਦੇ ਰਾਸ਼ਟਰਪਤੀ ਵੋਲਦੋਮੀਰ ਜ਼ੇਲੈਂਸਕੀ ਨੇ ਸਹਿਯੋਗੀ ਦੇਸ਼ਾਂ ਤੋਂ ਹਥਿਆਰ ਮੰਗੇ ਹਨ। ਉਨ੍ਹਾਂ ਕਿਹਾ ਕਿ ਠੰਢ ਦੇ ਮੌਸਮ ਨੂੰ ਰੂਸ ਹਥਿਆਰ ਵਾਂਗ ਵਰਤੇਗਾ, ਇਸ ਲਈ ਉਸ ਨਾਲ ਮੁਕਾਬਲੇ ਲਈ ਯੂਕਰੇਨ ਨੂੰ ਹੋਰ ਹਥਿਆਰ ਚਾਹੀਦੇ ਹਨ। ਜ਼ੇਲੈਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਵਰਗਾ ਖ਼ਤਰਨਾਕ ਦੱਸਿਆ।
ਬੈਠਕ ’ਚ ਮੌਜੂਦ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਕਿਹਾ ਕਿ ਯੂਕਰੇਨ ਨੂੰ ਜਦੋਂ ਤੱਕ ਜ਼ਰੂਰਤ ਹੋਵੇਗੀ, ਉਦੋਂ ਤੱਕ ਅਮਰੀਕਾ ਉਸ ਦੇ ਨਾਲ ਰਹੇਗਾ। ਆਸਟਿਨ ਨੇ ਇਸ ਮੌਕੇ ਯੂਕਰੇਨ ਲਈ 20 ਕਰੋੜ ਡਾਲਰ ਦੀ ਨਵੀਂ ਫ਼ੌਜੀ ਸਹਾਇਤਾ ਦਾ ਵੀ ਐਲਾਨ ਕੀਤਾ। ਜੰਗ ਦੌਰਾਨ ਅਮਰੀਕਾ ਹੁਣ ਤੱਕ ਯੂਕਰੇਨ ਨੂੰ 44 ਅਰਬ ਡਾਲਰ ਦੀ ਫ਼ੌਜੀ ਸਹਾਇਤਾ ਦੇ ਚੁੱਕਾ ਹੈ। ਇਸ ਤੋਂ ਇਲਾਵਾ ਕਈ ਅਰਬ ਡਾਲਰ ਦੇ ਹਥਿਆਰ ਦੇਣ ਦੀ ਮਨਜ਼ੂਰੀ ਮਿਲ ਚੁੱਕੀ ਹੈ।
ਜ਼ੇਲੈਂਸਕੀ ਨੇ ਕਿਹਾ ਕਿ ਜ਼ਬਰਦਸਤ ਸਰਦੀ ਦੇ ਮੌਸਮ ’ਚ ਰੂਸ ਇਕ ਵਾਰ ਮੁੜ ਬਿਜਲੀ ਘਰਾਂ ਤੇ ਬੁਨਿਆਦੀ ਸਹੂਲਤਾਂ ’ਤੇ ਹਮਲਾ ਕਰੇਗਾ। ਇਸ ਲਈ ਬਚਾਅ ਲਈ ਯੂਕਰੇਨ ਨੂੰ ਵੱਡੀ ਗਿਣਤੀ ’ਚ ਏਅਰ ਡਿਫੈਂਸ ਸਿਸਟਮ ਤੇ ਮੁਕਾਬਲੇ ਲਈ ਹਥਿਆਰਾਂ ਦੀ ਲੋੜ ਹੈ। ਜ਼ੇਲੈਂਸਕੀ ਸਹਾਇਤਾ ਮੰਗਣ ਲਈ ਪਹਿਲੀ ਵਾਰ ਨਾਟੋ ਦੇ ਹੈੱਡਕੁਆਰਟਰ ਪੁੱਜੇ ਹਨ। ਜ਼ੇਲੈਂਸਕੀ ਦਾ ਬੈਲਜ਼ੀਅਮ ਦੌਰਾ ਉਦੋਂ ਹੋ ਰਿਹਾ ਹੈ ਜਦੋਂ ਅਮਰੀਕੀ ਸੰਸਦ ਨੇ ਯੂਕਰੇਨ ਨੂੰ ਦਿੱਤੀ ਜਾ ਰਹੀ ਸਹਾਇਤਾ ਰੋਕਣ ਦਾ ਸੰਕੇਤ ਦਿੱਤਾ ਹੈ ਤੇ ਦੁਨੀਆ ਦਾ ਧਿਆਨ ਹੁਣ ਹਮਾਸ ਨਾਲ ਲੜੇ ਰਹੇ ਇਜ਼ਰਾਈਲ ਵੱਲ ਗਿਆ ਹੈ। ਇਸੇ ਲਈ ਜ਼ੇਲੈਂਸਕੀ ਨੇ ਹਮਾਸ ਦੀ ਤੁਲਨਾ ਪੁਤਿਨ ਨਾਲ ਕੀਤੀ ਹੈ ਤੇ ਕਿਹਾ ਕਿ ਰੂਸ ਨੂੰ ਬੈਕਫੁੱਟ ’ਤੇ ਰੱਖਣ ਲਈ ਯੂਕਰੇਨ ਦੀ ਭਰਪੂਰ ਸਹਾਇਤਾ ਕਰਨੀ ਜ਼ਰੂਰੀ ਹੈ। ਜ਼ੇਲੈਂਸਕੀ ਨੇ ਇਹ ਗੱਲ ਨਾਟੋ ਦੇ 31 ਮੈਂਬਰ ਦੇਸ਼ਾਂ ਤੇ ਯੂਕਰੇਨ ਨੂੰ ਫ਼ੌਜੀ ਸਹਾਇਤਾ ਦੇ ਰਹੇ 20 ਹੋਰਨਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਨੂੰ ਕਹੀ ਹੈ। ਇਹ ਸਾਰੇ ਰੱਖਿਆ ਮੰਤਰੀ ਬਰੱਸਲਜ਼ ’ਚ ਹੋ ਰਹੀ ਬੈਠਕ ’ਚ ਮੌਜੂਦ ਸਨ।