ਟੋਰਾਂਟੋ (ਏਜੰਸੀ) : ਭਾਰਤ ‘ਚ ਖ਼ਾਲਿਸਤਾਨ ਹਮਾਇਤੀ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਨੂੰ ਕੈਨੇਡਾ ‘ਚ ਰਹਿਣ ਦੀ ਇਜਾਜ਼ਤ ਮਿਲ ਗਈ ਹੈ। ਕੈਨੇਡਾ ‘ਚ ਇਕ ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਫ਼ੈਸਲਾ ਸੁਣਾਇਆ ਹੈ ਕਿ ਇਕ ਸਿੱਖ ਵਿਅਕਤੀ ਜਿਸ ਨੇ ਭਾਰਤ ‘ਚ ਖ਼ਾਲਿਸਤਾਨ ਹਮਾਇਤੀ ਅੱਤਵਾਦੀਆਂ ਨੂੰ ਪਨਾਹ ਦਿੱਤੀ ਤੇ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ, ਨੂੰ ਉੱਤਰੀ ਅਮਰੀਕੀ ਦੇਸ਼ ‘ਚ ਰਹਿਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਟ੍ਰਿਬਿਊਨਲ ਨੇ ਕਿਹਾ ਕਿ ਅਜਿਹਾ ਇਸ ਲਈ ਕਿਉਂਕਿ ਉਸ ਨੇ ਅਜਿਹਾ ਜ਼ਿਆਦਾਤਰ ਲੋੜ ਮੁਤਾਬਕ ਤੇ ਬਦਲੇ ਦੇ ਡਰ ਕਾਰਨ ਕੀਤਾ ਸੀ।
ਨੈਸ਼ਨਲ ਪੋਸਟ ਅਖ਼ਬਾਰ ਦੀ ਰਿਪੋਰਟ ਮੁਤਾਬਕ, ਭਾਰਤੀ ਨਾਗਰਿਕ ਕਮਲਜੀਤ ਰਾਮ ’ਤੇ ਪਾਬੰਦੀ ਲਗਾਉਣ ਦਾ ਕਦਮ ਉਦੋਂ ਚੁੱਕਿਆ ਗਿਆ ਜਦੋਂ ਉਸ ਨੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਨੂੰ ਦੱਸਿਆ ਕਿ ਉਸ ਨੇ 1982 ਤੇ 1992 ਦਰਮਿਆਨ ਭਾਰਤ ’ਚ ਆਪਣੇ ਫਾਰਮ ’ਤੇ ਹਥਿਆਰਬੰਦ ਅੱਤਵਾਦੀਆਂ ਨੂੰ ਪਨਾਹ ਦਿੱਤੀ ਤੇ ਉਨ੍ਹਾਂ ਨੂੰ ਖਾਣਾ ਖੁਆਇਆ। ਉਸ ਨੇ ਇਹ ਵੀ ਕਿਹਾ ਕਿ ਉਹ ਖ਼ਾਲਿਸਤਾਨੀ ਅੰਦੋਲਨ ਤਹਿਤ ਵੱਖਰੇ ਸਿੱਖ ਸੂਬੇ ਲਈ ਪ੍ਰਚਾਰਤ ਕੀਤੇ ਜਾ ਰਹੇ ਵਿਚਾਰਾਂ ਦੀ ਹਮਾਇਤ ਕਰਦਾ ਹੈ ਪਰ ਉਹ ਕਦੀ ਹਥਿਆਰਬੰਦ ਮਿਲੀਸ਼ੀਆ ’ਚ ਸ਼ਾਮਲ ਨਹੀਂ ਰਿਹਾ। ਸੀਬੀਐੱਸਏ ਨੇ ਤਰਕ ਦਿੱਤਾ ਕਿ ਕਮਲਜੀਤ ਕੈਨੇਡਾ ਆਉਣ ਲਈ ਅਯੋਗ ਹੈ ਕਿਉਂਕਿ ਇਮੀਗ੍ਰੇਸ਼ਨ ਕਾਨੂੰਨ ਅਜਿਹੇ ਵਿਅਕਤੀਆਂ ’ਤੇ ਰੋਕ ਲਗਾਉਂਦਾ ਹੈ ਜਿਹੜੇ ਕਿਸੇ ਵੀ ਸਰਕਾਰ ਖ਼ਿਲਾਫ਼ ਭੰਨਤੋੜ ’ਚ ਸ਼ਾਮਲ ਹੋਣ ਜਾਂ ਉਕਸਾਉਣ।
ਰਿਪੋਰਟ ਮੁਤਾਬਕ, ਇਮੀਗ੍ਰੇਸ਼ਨ ਤੇ ਸ਼ਰਨਾਰਥੀ ਬੋਰਡ (ਆਈਆਰਬੀ) ਟ੍ਰਿਬਿਊਨਲ ਨੇ ਇਕ ਹਾਲੀਆ ਫ਼ੈਸਲੇ ’ਚ ਕਿਹਾ ਕਿ ਸੰਘੀ ਸਰਕਾਰ ਕੋਲ ਕਮਲਜੀਤ ਨੂੰ ਕੈਨੇਡਾ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਜਾਇਜ਼ ਆਧਾਰ ਨਹੀਂ ਹੈ। ਆਈਆਰਬੀ ਟ੍ਰਿਬਿਊਨਲ ਦੇ ਮੈਂਬਰ ਵਾਰਸਫੋਲਡ ਨੇ ਫ਼ੈਸਲੇ ’ਚ ਕਿਹਾ ਕਿ ਮੈੇਨੂੰ ਨਹੀਂ ਲੱਗਦਾ ਕਿ ਕਮਲਜੀਤ ਦੇ ਕੰਮ ਸੁਰੱਖਿਅਤ ਘਰ ਜਾਂ ਲਾਜਿਸਟਿਕਲ ਸਹਾਇਤਾ ਦੇਣ ਦੇ ਬਰਾਬਰ ਹਨ ਜਿਵੇਂ ਕਿ ਸਰਕਾਰ ਨੇ ਆਪਣੀਆਂ ਦਲੀਲਾਂ ’ਚ ਕਿਹਾ ਹੈ।