ਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ 29 ਨਕਸਲੀ ਹਲਾਕ, 3 ਜਵਾਨ ਜ਼ਖਮੀ
ਛੱਤੀਸਗੜ੍ਹ: ਛੱਤੀਸਗੜ੍ਹ ਦੇ ਅਤਿਵਾਦ ਪ੍ਰਭਾਵਤ ਕਾਂਕੇਰ ਜ਼ਿਲ੍ਹੇ ’ਚ ਮੁਕਾਬਲੇ ’ਚ ਘੱਟੋ-ਘੱਟ 29 ਨਕਸਲੀ ਮਾਰੇ ਗਏ ਅਤੇ ਤਿੰਨ ਜਵਾਨ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਛੋਟੇਬੇਥੀਆ ਥਾਣਾ ਖੇਤਰ ਦੇ ਬੀਨਾਗੁੰਡਾ ਅਤੇ ਕੋਰੋਨਾਰ ਪਿੰਡਾਂ ਦੇ ਵਿਚਕਾਰ ਹਪਾਟੋਲਾ ਪਿੰਡ ਦੇ ਜੰਗਲ ਖੇਤਰ ’ਚ ਹੋਏ ਮੁਕਾਬਲੇ ’ਚ ਘੱਟੋ-ਘੱਟ 29 ਨਕਸਲੀ ਮਾਰੇ ਗਏ ਹਨ।
ਉਨ੍ਹਾਂ ਦਸਿਆ ਕਿ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੀ ਸਾਂਝੀ ਟੀਮ ਨੂੰ ਛੋਟੇਬੇਥੀਆ ਥਾਣਾ ਖੇਤਰ ’ਚ ਗਸ਼ਤ ’ਤੇ ਭੇਜਿਆ ਗਿਆ ਸੀ। ਟੀਮ ਮੰਗਲਵਾਰ ਦੁਪਹਿਰ 2 ਵਜੇ ਦੇ ਕਰੀਬ ਹਪਾਟੋਲਾ ਪਿੰਡ ਦੇ ਜੰਗਲ ਖੇਤਰ ’ਚ ਸੀ ਜਦੋਂ ਨਕਸਲੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਘਟਨਾ ’ਚ ਸੁਰੱਖਿਆ ਬਲਾਂ ਨੇ ਹੁਣ ਤਕ ਘੱਟੋ-ਘੱਟ 29 ਨਕਸਲੀਆਂ ਨੂੰ ਮਾਰ ਦਿਤਾ ਹੈ। ਉਨ੍ਹਾਂ ਦਸਿਆ ਕਿ ਗੋਲੀਬਾਰੀ ’ਚ ਤਿੰਨ ਜਵਾਨ ਵੀ ਜ਼ਖਮੀ ਹੋਏ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਨੇ ਮੌਕੇ ਤੋਂ ਭਾਰੀ ਮਾਤਰਾ ’ਚ ਹਥਿਆਰ ਵੀ ਬਰਾਮਦ ਕੀਤੇ ਹਨ।
ਉਨ੍ਹਾਂ ਦਸਿਆ ਕਿ ਮੁਕਾਬਲੇ ’ਚ ਜ਼ਖਮੀ ਹੋਏ ਤਿੰਨ ਜਵਾਨਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਪਰ ਜ਼ਖਮੀ ਜਵਾਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਫਿਲਹਾਲ ਇਲਾਕੇ ’ਚ ਨਕਸਲੀਆਂ ਵਿਰੁਧ ਮੁਹਿੰਮ ਜਾਰੀ ਹੈ।