India vs Sri Lanka 1st innings Highlights: ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ 2023 ਦਾ ਸੁਪਰ-4 ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਵਿੱਚ ਟੀਮ ਇੰਡੀਆ 49.1 ਓਵਰਾਂ ਵਿੱਚ 213 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਸ਼੍ਰੀਲੰਕਾ ਦੀ ਟੀਮ ‘ਚ ਸਪਿਨ ਗੇਂਦਬਾਜ਼ਾਂ ਦਾ ਦਬਦਬਾ ਦੇਖਣ ਨੂੰ ਮਿਲਿਆ, ਜਿਸ ‘ਚ ਦੁਨਿਥਾ ਵੇੱਲਾਲਾਗੇ ਨੇ 5 ਵਿਕਟਾਂ ਲਈਆਂ ਜਦਕਿ ਚਰਿਥ ਅਸਲੰਕਾ ਨੇ 4 ਵਿਕਟਾਂ ਲਈਆਂ।
ਰੋਹਿਤ ਅਤੇ ਗਿੱਲ ਨੇ ਟੀਮ ਨੂੰ ਦਿੱਤੀ ਸ਼ਾਨਦਾਰ ਸ਼ੁਰੂਆਤ
ਸੁਪਰ 4 ਦੇ ਇਸ ਅਹਿਮ ਮੈਚ ‘ਚ ਟਾਸ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਿੱਚ ਨੂੰ ਦੇਖਦੇ ਹੋਏ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲੈਣ ‘ਚ ਬਿਲਕੁਲ ਵੀ ਦੇਰੀ ਨਹੀਂ ਕੀਤੀ। ਦੋਵਾਂ ਖਿਡਾਰੀਆਂ ਨੇ ਇਕ ਵਾਰ ਫਿਰ ਸਕਾਰਾਤਮਕ ਢੰਗ ਨਾਲ ਦੌੜਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪਹਿਲੇ 10 ਓਵਰਾਂ ਦੀ ਸਮਾਪਤੀ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਤੋਂ 65 ਦੌੜਾਂ ਸੀ।
ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਸਾਰਿਆਂ ਨੂੰ ਲੱਗਾ ਕਿ ਭਾਰਤੀ ਟੀਮ ਇਸ ਮੈਚ ‘ਚ ਵੀ ਵੱਡਾ ਸਕੋਰ ਬਣਾਉਣ ‘ਚ ਸਫਲ ਰਹੇਗੀ। ਹਾਲਾਂਕਿ ਸ਼੍ਰੀਲੰਕਾ ਟੀਮ ਦੇ 20 ਸਾਲਾ ਖੱਬੇ ਹੱਥ ਦੇ ਸਪਿਨਰ ਗੇਂਦਬਾਜ਼ ਦੁਨਿਥਾ ਵੇੱਲਾਲਾਗੇ ਨੇ ਗੇਂਦਬਾਜ਼ੀ ਅਟੈਕ ‘ਤੇ ਆਉਂਦਿਆਂ ਹੀ ਸਾਰਿਆਂ ਨੂੰ ਗਲਤ ਸਾਬਤ ਕਰ ਦਿੱਤਾ। ਵੇੱਲਾਲਾਗੇ ਨੇ ਆਪਣੇ ਸਪੇਲ ਦੀ ਪਹਿਲੀ ਗੇਂਦ ‘ਤੇ ਸ਼ੁਭਮਨ ਗਿੱਲ ਨੂੰ 80 ਦੇ ਸਕੋਰ ‘ਤੇ ਪਵੇਲੀਅਨ ਭੇਜ ਕੇ ਭਾਰਤੀ ਟੀਮ ਨੂੰ ਪਹਿਲਾ ਝਟਕਾ ਦਿੱਤਾ।
ਇਸ ਤੋਂ ਬਾਅਦ ਦੁਨਿਥਾ ਵੇੱਲਾਲਾਗੇ ਨੇ ਵਿਰਾਟ ਕੋਹਲੀ ਦੇ ਰੂਪ ‘ਚ ਟੀਮ ਇੰਡੀਆ ਨੂੰ ਦੂਜਾ ਵੱਡਾ ਝਟਕਾ ਦਿੱਤਾ, ਜੋ ਇਸ ਮੈਚ ‘ਚ ਸਿਰਫ 3 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। 91 ਦੇ ਸਕੋਰ ‘ਤੇ ਭਾਰਤ ਨੂੰ ਤੀਜਾ ਝਟਕਾ ਕਪਤਾਨ ਰੋਹਿਤ ਸ਼ਰਮਾ ਦੇ ਰੂਪ ‘ਚ ਲੱਗਿਆ ਜੋ 53 ਦੇ ਨਿੱਜੀ ਸਕੋਰ ‘ਤੇ ਵੇੱਲਾਲਾਗੇ ਦੀ ਸ਼ਾਨਦਾਰ ਗੇਂਦ ‘ਤੇ ਬੋਲਡ ਹੋ ਗਏ।
ਰਾਹੁਲ ਅਤੇ ਈਸ਼ਾਨ ਨੇ ਪਾਰੀ ਨੂੰ ਸੰਭਾਲਣ ਦੀ ਕੀਤੀ ਕੋਸ਼ਿਸ਼, ਵੇੱਲਾਲਾਗੇ ਨੇ ਤੋੜੀ ਸਾਂਝੇਦਾਰੀ
ਟੀਮ ਇੰਡੀਆ ਨੂੰ ਲਗਾਤਾਰ 3 ਵੱਡੇ ਝਟਕੇ ਲੱਗਣ ਤੋਂ ਬਾਅਦ ਈਸ਼ਾਨ ਕਿਸ਼ਨ ਅਤੇ ਕੇਐਲ ਰਾਹੁਲ ਨੇ ਇਸ ਸਥਿਤੀ ਤੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੋਵਾਂ ਨੇ ਸਪਿਨਰਾਂ ਦੇ ਖਿਲਾਫ ਸਾਵਧਾਨੀ ਨਾਲ ਖੇਡਿਆ ਅਤੇ ਦੌੜਾਂ ਬਣਾਉਣ ਦੀ ਪ੍ਰਕਿਰਿਆ ਜਾਰੀ ਰੱਖੀ। ਈਸ਼ਾਨ ਅਤੇ ਰਾਹੁਲ ਵਿਚਾਲੇ ਚੌਥੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ। ਵੇੱਲਾਲਾਗੇ ਨੇ ਇਸ ਖਤਰਨਾਕ ਸਾਂਝੇਦਾਰੀ ਨੂੰ ਤੋੜਿਆ ਅਤੇ ਭਾਰਤ ਨੂੰ ਚੌਥਾ ਝਟਕਾ 154 ਦੇ ਸਕੋਰ ‘ਤੇ ਕੇਐੱਲ ਰਾਹੁਲ ਦੇ ਰੂਪ ‘ਚ ਦਿੱਤਾ ਜੋ 39 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਵੇੱਲਾਲਾਗੇ ਨੇ ਪੂਰੀਆਂ ਕੀਤੀਆਂ 5 ਵਿਕਟਾਂ, ਭਾਰਤੀ ਟੀਮ ਦੀ ਪਾਰੀ ਹੋਈ ਸਮਾਪਤ
ਕੇਐੱਲ ਰਾਹੁਲ ਪੈਵੇਲੀਅਨ ਪਰਤੇ ਤਾਂ ਭਾਰਤੀ ਟੀਮ ਨੇ ਅਚਾਨਕ ਤੇਜ਼ੀ ਨਾਲ ਵਿਕਟਾਂ ਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਈਸ਼ਾਨ ਕਿਸ਼ਨ 33 ਦੇ ਨਿੱਜੀ ਸਕੋਰ ਨਾਲ ਪਵੇਲੀਅਨ ਪਰਤ ਗਏ। ਉਥੇ ਹੀ ਵੇੱਲਾਲਾਗੇ ਨੂੰ ਇਸ ਮੈਚ ‘ਚ ਹਾਰਦਿਕ ਪੰਡਯਾ ਦੇ ਰੂਪ ‘ਚ ਆਪਣੀ ਪੰਜਵੀਂ ਵਿਕਟ ਮਿਲੀ, ਜਿਸ ਨੂੰ ਉਨ੍ਹਾਂ ਨੂੰ 5 ਦੇ ਨਿੱਜੀ ਸਕੋਰ ‘ਤੇ ਆਊਟ ਕੀਤਾ।
ਇੱਥੋਂ ਸ਼੍ਰੀਲੰਕਾ ਦੇ ਸਪਿਨਰਾਂ ਨੇ ਭਾਰਤੀ ਟੀਮ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ। ਰਵਿੰਦਰ ਜਡੇਜਾ 4, ਜਸਪ੍ਰੀਤ ਬੁਮਰਾਹ 5 ਅਤੇ ਕੁਲਦੀਪ ਯਾਦਵ ਬਿਨਾਂ ਖਾਤਾ ਖੋਲ੍ਹਿਆਂ ਹੀ ਪੈਵੇਲੀਅਨ ਪਰਤ ਗਏ। ਅਕਸ਼ਰ ਪਟੇਲ ਨੇ 26 ਦੌੜਾਂ ਦੀ ਪਾਰੀ ਖੇਡਦਿਆਂ ਹੋਇਆਂ ਸਕੋਰ ਨੂੰ 213 ਤੱਕ ਲਿਜਾਣ ‘ਚ ਅਹਿਮ ਭੂਮਿਕਾ ਨਿਭਾਈ ਅਤੇ ਆਖਰੀ ਵਿਕਟ ਲਈ ਮੁਹੰਮਦ ਸਿਰਾਜ ਨਾਲ 27 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼੍ਰੀਲੰਕਾ ਲਈ ਦੁਨਿਥਾ ਵੇੱਲਾਲਾਗੇ ਨੇ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਦਕਿ ਚਰਿਥ ਅਸਲੰਕਾ ਨੇ 4 ਵਿਕਟਾਂ ਲਈਆਂ।