ਵਾਸ਼ਿੰਗਟਨ (ਯੂ.ਐੱਨ.ਆਈ.) : ਚੀਨ ਦੇ ਜਾਸੂਸੀ ਗੁਬਾਰਿਆਂ ਨੂੰ ਲੈ ਕੇ ਅਮਰੀਕਾ ਨੇ ਵੱਡਾ ਖੁਲਾਸਾ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹਾਲ ਹੀ ‘ਚ ਡੇਗੇ ਗਏ ਚੀਨ ਦੇ ਪਹਿਲੇ ਸ਼ੱਕੀ ਜਾਸੂਸੀ ਗੁਬਾਰੇ ਦਾ ਮਲਬਾ ਅਟਲਾਂਟਿਕ ਮਹਾਸਾਗਰ ਤੋਂ ਬਰਾਮਦ ਹੋਇਆ ਹੈ। ਜਾਸੂਸੀ ਵਿੱਚ ਵਰਤੇ ਜਾਣ ਵਾਲੇ ਇਲੈਕਟ੍ਰਾਨਿਕ ਸੈਂਸਰ ਇਸ ਮਲਬੇ ਵਿੱਚ ਸ਼ਾਮਲ ਹਨ।
ਅਮਰੀਕੀ ਫੌਜ ਦੀ ਉੱਤਰੀ ਕਮਾਂਡ ਨੇ ਕਿਹਾ ਕਿ ਖੋਜੀ ਟੀਮ ਨੂੰ ਮੌਕੇ ਤੋਂ ਗੁਬਾਰੇ ਦਾ ਮਹੱਤਵਪੂਰਨ ਮਲਬਾ ਪ੍ਰਾਪਤ ਹੋਇਆ ਹੈ, ਜਿਸ ਵਿੱਚ ਸੈਂਸਰ ਅਤੇ ਇਲੈਕਟ੍ਰਾਨਿਕਸ ਟੁਕੜੇ ਸ਼ਾਮਲ ਹਨ।
ਬੀਬੀਸੀ ਦੀ ਅਮਰੀਕੀ ਸਹਿਯੋਗੀ ਸੀਬੀਐੱਸ ਨੇ ਕਿਹਾ ਕਿ ਮਲਬੇ ਤੋਂ ਪ੍ਰਾਪਤ ਵਸਤੂਆਂ ਵਿੱਚ ਲਗਭਗ 30-40 ਫੁੱਟ ਦਾ ਐਂਟੀਨਾ ਵੀ ਸ਼ਾਮਲ ਹੈ। ਸੰਘੀ ਜਾਂਚ ਬਿਊਰੋ ਉਨ੍ਹਾਂ ਵਸਤੂਆਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਬਾਰੇ ਅਮਰੀਕਾ ਨੇ ਕਿਹਾ ਸੀ ਕਿ ਇਨ੍ਹਾਂ ਦੀ ਵਰਤੋਂ ਸੰਵੇਦਨਸ਼ੀਲ ਫੌਜੀ ਸਥਾਨਾਂ ਦੀ ਜਾਸੂਸੀ ਕਰਨ ਲਈ ਕੀਤੀ ਗਈ ਸੀ। ਅਮਰੀਕਾ ਨੇ 4 ਫਰਵਰੀ ਨੂੰ ਪਹਿਲਾ ਗੁਬਾਰਾ ਡੇਗਿਆ, ਜਿਸ ਤੋਂ ਬਾਅਦ ਹੁਣ ਤੱਕ ਤਿੰਨ ਹੋਰ ਵਸਤੂਆਂ ਨੂੰ ਡੇਗਿਆ ਜਾ ਚੁੱਕਾ ਹੈ। ਚੀਨ ਨੇ ਪਿਛਲੇ ਦਿਨੀਂ ਇਸ ਵਿਸ਼ਾਲ ਗੁਬਾਰੇ ਨੂੰ ਡੇਗ ਦਿੱਤਾ ਸੀ ਤੇ ਦਾਅਵਾ ਕੀਤਾ ਸੀ ਕਿ ਇਸ ਗੁਬਾਰੇ ਦੀ ਵਰਤੋਂ ਮੌਸਮ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਲਈ ਕੀਤੀ ਜਾਂਦੀ ਸੀ। ਅਮਰੀਕਾ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਚੀਨ ਜਾਸੂਸੀ ਗੁਬਾਰਿਆਂ ਦੀ ਮਦਦ ਨਾਲ ਕਈ ਦੇਸ਼ਾਂ ਦੀ ਜਾਸੂਸੀ ਕਰ ਰਿਹਾ ਹੈ। ਐੱਫਬੀਆਈ ਗੁਬਾਰੇ ਦੇ ਮਲਬੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕੀ ਕਰਨ ਦੇ ਯੋਗ ਸੀ।
ਦੱਸ ਦੇਈਏ ਕਿ ਅਮਰੀਕਾ, ਕੈਨੇਡਾ ਅਤੇ ਲੈਟਿਨ ਅਮਰੀਕਾ ਦੇ ਹਵਾਈ ਖੇਤਰ ਵਿੱਚ ਚੀਨ ਦਾ ਸ਼ੱਕੀ ਜਾਸੂਸੀ ਗੁਬਾਰਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਸੀ। ਅਮਰੀਕਾ ਦੇ ਮੋਂਟਾਨਾ ਸੂਬੇ ਦੇ ਉੱਪਰ ਦੇਖੇ ਗਏ ਗੁਬਾਰੇ ਦਾ ਆਕਾਰ ਤਿੰਨ ਬੱਸਾਂ ਦੇ ਬਰਾਬਰ ਸੀ। ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਇਸ ਜਾਸੂਸੀ ਗੁਬਾਰੇ ਤੋਂ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ ਪਰ ਫਿਰ ਵੀ ਅਮਰੀਕੀ ਹਵਾਈ ਖੇਤਰ ਵਿੱਚ ਦਿਖਾਈ ਦੇਣ ਵਾਲੇ ਇਸ ਗੁਬਾਰੇ ਨੂੰ ਪਿਛਲੇ ਕੁਝ ਦਿਨਾਂ ਤੋਂ ਟ੍ਰੈਕ ਕੀਤਾ ਜਾ ਰਿਹਾ ਸੀ। ਅਮਰੀਕੀ ਫੌਜੀ ਜਹਾਜ਼ਾਂ ਰਾਹੀਂ ਵੀ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਸੀ।
ਚੀਨ ਦੇ ਉੱਪਰ ਕੋਈ ਅਮਰੀਕੀ ਗੁਬਾਰਾ ਨਹੀਂ : ਵ੍ਹਾਈਟ ਹਾਊਸ
ਵਾਸ਼ਿੰਗਟਨ (ਭਾਸ਼ਾ) : ਚੀਨੀ ਹਵਾਈ ਖੇਤਰ ਦੇ ਉੱਪਰ ਕੋਈ ਅਮਰੀਕੀ ਗੁਬਾਰਾ ਨਹੀਂ ਉੱਡ ਰਿਹਾ ਹੈ। ਵ੍ਹਾਈਟ ਹਾਊਸ ਨੇ ਬੀਜਿੰਗ ਦੇ ਦਾਅਵਿਆਂ ਨੂੰ ਖਾਰਿਜ ਕਰਦਿਆਂ ਸੋਮਵਾਰ ਨੂੰ ਇਹ ਗੱਲ ਕਹੀ। ਵ੍ਹਾਈਟ ਹਾਊਸ ‘ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਵਿੱਚ ਰਣਨੀਤਕ ਸੰਚਾਰ ਦੇ ਕਨਵੀਨਰ ਜਾਨ ਕਿਰਬੀ ਨੇ ਇਕ ਪੱਤਰਕਾਰ ਨੂੰ ਕਿਹਾ ਕਿ ਅਸੀਂ ਚੀਨ ਦੇ ਉੱਪਰ ਨਿਗਰਾਨੀ ਗੁਬਾਰੇ ਨਹੀਂ ਉਡਾ ਰਹੇ।