ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਦੀ ਸੱਤਾਂ ਲੋਕ ਸਭਾ ਸੀਟਾਂ ’ਤੇ 12 ਮਈ ਨੂੰ ਵੋਟਿੰਗ ਹੋਣੀ ਹੈ। ਕਾਂਗਰਸ ਪਾਰਟੀ ਦਿੱਲੀ ਦੀ 7 ਚੋਂ 6 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜਦਕਿ ਆਖਰੀ 7ਵੀਂ ਸੀਟ ’ਤੇ ਉਮੀਦਵਾਰ ਦੇ ਨਾਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ।
ਹੁਣ ਖ਼ਬਰ ਆ ਰਹੀ ਹੈ ਕਿ ਵੀਆਈਪੀ ਸੀਟ ਦੱਖਣੀ ਦਿੱਲੀ ’ਤੇ ਚੋਣਾਂ ਲੜਣ ਲਈ ਦੇਸ਼ ਦੇ ਮਸ਼ਹੂਰ ਬਾਕਸਰ ਵਿਜੇਂਦਰ ਸਿੰਘ ’ਤੇ ਦਾਅ ਲਗਾ ਸਕਦੀ ਹੈ। ਸੂਤਰਾਂ ਮੁਤਾਬਕ ਬਾਕਸਰ ਵਿਜੇਂਦਰ ਸਿੰਘ ਨੇ ਡੀਐਸਪੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਜਿਹੇ ਚ ਕਿਆਸਅਰਾਈਆਂ ਹਨ ਕਿ ਉਹ ਦਿੱਲੀ ਦੀ ਦੱਖਣੀ ਦਿੱਲੀ ਸੀਟ ’ਤੇ ਕਾਂਗਰਸ ਤੋਂ ਚੋਣ ਲੜਣਗੇ ਤੇ ਉਨ੍ਹਾਂ ਦੇ ਨਾਂ ਦੀ ਚਰਚਾ ਵੀ ਚੱਲ ਰਹੀ ਹੈ।
ਵਿਜੇਂਦਰ ਸਿੰਘ ਨੂੰ ਇਸ ਸਬੰਧੀ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਮਾਮਲਾ ਗੱਲਬਾਤ ਅਧੀਨ ਹੈ ਇਸ ਲਈ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ।
ਦੱਸਣਯੋਗ ਹੈ ਕਿ ਦੱਖਣੀ ਦਿੱਲੀ ਸੀਟ ’ਤੇ ਕਾਂਗਰਸ ਪਹਿਲਾਂ ਤੋਂ ਹੀ ਸੈਲੀਬ੍ਰੀਟੀ ਉਮੀਦਵਾਰ ਵਜੋਂ ਓਲੰਪਿਅਨ ਸੁਸ਼ੀਲ ਕੁਮਾਰ ਦੇ ਨਾਲ ਹੀ ਓਲੰਪਿਅਨ ਵਿਜੇਂਦਰ ਦੇ ਨਾਂ ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਪਹਿਲਵਾਨ ਸੁਸ਼ੀਲ ਕੁਮਾਰ ਪੱਛਮੀ ਦਿੱਲੀ ਤੋਂ ਹੀ ਚੋਣ ਲੜਣਾ ਚਾਹੁੰਦੇ ਹਨ ਜਦਕਿ ਪਾਰਟੀ ਨੇ ਇਸ ਸੀਟ ਤੋਂ ਆਪਣਾ ਇਕੋ ਇਕ ਪੂਰਬੀ ਖੇਤਰ ਦਾ ਆਗੂ ਮਹਾਬਲ ਮਿਸ਼ਰ ਨੂੰ ਚੋਣ ਮੈਦਾਨ ਚ ਉਤਾਰ ਦਿੱਤਾ ਹੈ।