ਓਟਵਾ : ਸਾਬਕਾ ਲਿਬਰਲ ਨਿਆਂ ਮੰਤਰੀ ਜੋਡੀ ਵਿਲਸਨ ਰੇਅਬੋਲਡ ਵੱਲੋਂ ਫੈਡਰਲ ਸਰਕਾਰ ਉੱਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਮੂਲਵਾਦੀਆਂ ਦੀ ਜਸਟਿਸ ਫਾਈਲ ਉੱਤੇ ਸਿਰਫ ਵਾਧੂ ਦੀ ਕਾਰਵਾਈ ਹੀ ਕੀਤੀ ਗਈ ਹੈ। ਕਦੇ ਲਿਬਰਲ ਸਰਕਾਰ ਦਾ ਹਿੱਸਾ ਰਹੀ ਰੇਅਬੋਲਡ ਨੇ ਇਹ ਵੀ ਆਖਿਆ ਕਿ ਫੈਡਰਲ ਸਰਕਾਰ ਮੂਲਵਾਸੀਆਂ ਸਬੰਧੀ ਕੈਨੇਡੀਅਨ ਕਾਨੂੰਨਾਂ ਤੇ ਨੀਤੀਆਂ ਵਿੱਚ ਸੁਧਾਰ ਕਰਨ ਦੇ ਆਪਣੇ ਵਾਅਦੇ ਤੋਂ ਵੀ ਪਿੱਛੇ ਹਟ ਗਈ ਹੈ।
ਬੁੱਧਵਾਰ ਨੂੰ ਬੀਸੀ ਫਰਸਟ ਨੇਸ਼ਨਜ਼ ਜਸਟਿਸ ਕਾਉਂਸਲ ਨੂੰ ਸੰਬੋਧਨ ਕਰਦਿਆਂ ਰੇਅਬੋਲਡ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਤੇ ਨਿਰਾਸ਼ਾ ਹੈ ਕਿ ਵਾਰੀ ਵਾਰੀ ਚਿਤਾਰਨ, ਸਲਾਹਾਂ ਦੇਣ, ਮੂਲਵਾਸੀ ਤਜਰਬਿਆਂ ਨੂੰ ਹੰਢਾਉਣ ਤੇ ਵਾਰੀ ਵਾਰੀ ਇੱਕੋ ਗੱਲ ਲਈ ਆਵਾਜ਼ ਉਠਾਉਣ ਦੇ ਬਾਵਜੂਦ ਸਰਕਾਰ ਮੂਲਵਾਸੀ ਲੋਕਾਂ ਦੀਆਂ ਦਿੱਕਤਾਂ ਦਾ ਡੰਗ ਟਪਾਊ ਹੱਲ ਕਰਨ ਦੇ ਪੁਰਾਣੇ ਢੱਰੇ ਉੱਤੇ ਹੀ ਚੱਲ ਰਹੀ ਹੈ। ਸਰਕਾਰ ਵੱਲੋਂ ਇਸ ਯਥਾਸਥਿਤੀ ਨੂੰ ਬਦਲਣ ਲਈ ਕੁੱਝ ਨਹੀਂ ਕੀਤਾ ਗਿਆ।
ਇਸ ਮੌਕੇ ਰੇਅਬੋਲਡ ਦੇ ਨਾਲ ਨਵੀਂ ਆਜ਼ਾਦ ਐਮਪੀ ਜੇਨ ਫਿਲਪੌਟ ਵੀ ਹਾਜ਼ਰ ਸੀ, ਦੋਵਾਂ ਨੇ ਸਾਂਝੇ ਤੌਰ ਉੱਤੇ “ਫਰੌਮ ਡਿਨਾਇਲ ਟੂ ਰੈਕੋਗਨੀਸ਼ਨ : ਦ ਚੈਲੈਂਜਿਜ਼ ਆਫ ਇੰਡੀਜੀਨਸ ਜਸਟਿਸ ਇਨ ਕੈਨੇਡਾ,” ਵਿਸੇ਼ ਉੱਤੇ ਇੱਕਠ ਨੂੰ ਸੰਬੋਧਨ ਕੀਤਾ। ਬ੍ਰਿਟਿਸ਼ ਕੋਲੰਬੀਆ ਤੋਂ ਫਰਸਟ ਨੇਸ਼ਨਜ਼ ਆਗੂਆਂ ਦੇ ਇਸ ਇੱਕਠ ਦਾ ਮਕਸਦ ਪ੍ਰੋਵਿੰਸ਼ੀਅਲ ਸਰਕਾਰ ਨਾਲ ਅਜਿਹੀ ਰਣਨੀਤੀ ਤਿਆਰ ਕਰਨ ਉੱਤੇ ਕੇਂਦਰਿਤ ਸੀ ਕਿ ਜਿਸ ਨਾਲ ਫਰਸਟ ਨੇਸ਼ਨਜ਼ ਦੇ ਲੋਕਾਂ ਤੇ ਕ੍ਰਿਮੀਨਲ ਨਿਆਂ ਸਿਸਟਮ ਦਰਮਿਆਨ ਸਬੰਧਾਂ ਵਿੱਚ ਸੁਧਾਰ ਹੋ ਸਕੇ।
ਰੇਅਬੋਲਡ ਨੇ ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿੱਚ ਆਖਿਆ ਕਿ ਪਿਛਲੇ ਸਾਲ ਨਵੰਬਰ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਲੀਡਰਸਿ਼ਪ ਨਾਲ ਉਨ੍ਹਾਂ ਦੀ ਹੋਈ ਗੱਲਬਾਤ ਤੋਂ ਬਾਅਦ ਕੁੱਝ ਸੁਧਾਰ ਜ਼ਰੂਰ ਹੋਇਆ ਹੈ ਤੇ ਹਾਲਾਤ ਪਹਿਲਾਂ ਦੇ ਮੁਕਾਬਲੇ ਥੋੜ੍ਹੇ ਜਿਹੇ ਬਦਲੇ ਹਨ। ਲੱਗਭਗ ਤਿੰਨ ਸਾਲਾਂ ਤੱਕ ਕੈਨੇਡਾ ਦੀ ਪਹਿਲੀ ਮੂਲਵਾਸੀ ਨਿਆਂ ਮੰਤਰੀ ਤੇ ਅਟਾਰਨੀ ਜਨਰਲ ਰਹਿਣ ਦੇ ਹਿਸਾਬ ਨਾਲ ਰੇਅਬੋਲਡ ਨੇ ਮੌਜੂਦਾ ਨਿਆਂ ਸਿਸਟਮ ਵਿੱਚ ਤਬਦੀਲੀਆਂ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਬਾਰੇ ਮੂਲਵਾਸੀ ਆਗੂਆਂ ਨੂੰ ਜਾਣਕਾਰੀ ਦਿੱਤੀ। ਰੇਅਬੋਲਡ ਨੇ ਆਖਿਆ ਕਿ ਕੈਬਨਿਟ ਮੰਤਰੀ ਰਹਿੰਦਿਆਂ ਉਨ੍ਹਾਂ ਕੰਮ ਕਾਰ ਕਰਨ ਦੇ ਢੰਗ ਨੂੰ ਵੀ ਕਈ ਵਾਰੀ ਚੁਣੌਤੀਆਂ ਦਿੱਤੀਆਂ। ਉਨ੍ਹਾਂ ਆਖਿਆ ਕਿ ਅਜੇ ਵੀ ਇਸ ਪਾਸੇ ਕਾਫੀ ਕੁੱਝ ਕੀਤਾ ਜਾਣਾ ਬਾਕੀ ਹੈ।
ਇਸ ਦੌਰਾਨ ਫਿਲਪੌਟ ਨੇ ਵੀ ਰੇਅਬੋਲਡ ਦੇ ਲਹਿਜੇ ਵਿੱਚ ਗੱਲ ਕਰਦਿਆਂ ਆਖਿਆ ਕਿ ਇਸ ਤੋਂ ਪਹਿਲਾਂ ਕਿ ਸਰਕਾਰ ਇਹ ਆਖੇ ਕਿ ਉਸ ਨੇ ਕੈਨੇਡਾ ਦੀਆਂ ਫਰਸਟ ਨੇਸ਼ਨਜ਼, ਇਨੁਇਟ ਤੇ ਮੈਟਿਸ ਲੋਕਾਂ ਨਾਲ ਸੱਚਾ ਰਿਸ਼ਤਾ ਕਾਇਮ ਕਰ ਲਿਆ ਹੈ, ਇਸ ਪਾਸੇ ਕਾਫੀ ਕੰਮ ਹੋਣਾ ਬਾਕੀ ਹੈ। ਸੁਲ੍ਹਾ ਦੀ ਲੋੜ ਬਾਰੇ ਸਾਰੇ ਕੈਨੇਡੀਅਨਾਂ ਨੂੰ ਰਾਜ਼ੀ ਕਰਨ ਵਿੱਚ ਅਜੇ ਸਾਨੂੰ ਲੰਮਾਂ ਸਮਾਂ ਲੱਗ ਸਕਦਾ ਹੈ। ਪਿਛਲੇ ਚਾਰ ਸਾਲਾਂ ਵਿੱਚ ਇਸ ਪਾਸੇ ਕਾਫੀ ਕੰਮ ਹੋਇਆ ਹੈ ਪਰ ਉਸ ਨੂੰ ਤਸੱਲੀਬਖਸ਼ ਨਹੀਂ ਆਖਿਆ ਜਾ ਸਕਦਾ।