ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੇ ਅੱਜ ਜਲੰਧਰ ਲੋਕ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ। ਇਸ ਮੌਕੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦ ਸਨ, ਉੱਥੇ ਹੀ ਸ੍ਰੀ ਮਹਿੰਦਰ ਸਿੰਘ ਕੇਪੀ ਵੀ ਉੱਥੇ ਹਾਜ਼ਰ ਸਨ।
ਸ੍ਰੀ ਕੇਪੀ ਬਾਰੇ ਹੁਣ ਤੱਕ ਇਹੋ ਆਖਿਆ ਜਾ ਰਿਹਾ ਸੀ ਕਿ ਉਹ ਜਲੰਧਰ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਹਨ। ਇਸੇ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਪਹਿਲਾਂ ਜਲੰਧਰ ਸਥਿਤ ਸ੍ਰੀ ਕੇਪੀ ਦੀ ਰਿਹਾਇਸ਼ਗਾਹ ’ਤੇ ਗਏ ਤੇ ਉੱਥੇ ਕੁਝ ਸਮਾਂ ਰਹੇ।
ਸੂਤਰਾਂ ਮੁਤਾਬਕ ਕੈਪਟਨ ਦੇ ਕਹਿਣ ’ਤੇ ਸ੍ਰੀ ਕੇਪੀ ਤੁਰੰਤ ਮੰਨ ਗਏ ਤੇ ਆਮ ਚੋਣਾਂ ਦੌਰਾਨ ਪਾਰਟੀ ਲਈ ਪ੍ਰਚਾਰ ਕਰਨ ਲਈ ਵੀ ਸਹਿਮਤ ਹੋ ਗਏ। ਫਿਰ ਕੈਪਟਨ ਤੇ ਕੇਪੀ ਦੋਵੇਂ ਵੱਡੇ ਕਾਫ਼ਲੇ ਨਾਲ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਆਪਣੇ ਕਾਗਜ਼ ਦਾਖ਼ਲ ਕਰਨ ਲਈ ਗਏ। ਸ੍ਰੀ ਸੰਤੋਖ ਸਿੰਘ ਚੌਧਰੀ ਨੇ ਸ੍ਰੀ ਮਹਿੰਦਰ ਸਿੰਘ ਕੇਪੀ ਦੇ ਪੈੱਨ ਨਾਲ ਆਪਣਾ ਨਾਮਜ਼ਦਗੀ ਪਰਚਾ ਦਾਖ਼ਲ ਕੀਤਾ। ਇੰਝ ਉਨ੍ਹਾਂ ਦੁਨੀਆ ਨੂੰ ਵਿਖਾਇਆ ਕਿ ਉਨ੍ਹਾਂ ਵਿਚਾਲੇ ਕਿਤੇ ਕੋਈ ਗ਼ਲਤਫ਼ਹਿਮੀ ਜਾਂ ਗਿਲਾ–ਸ਼ਿਕਵਾ ਨਹੀਂ ਹੈ।
ਕੈਪਟਨ ਨੇ ਜਲੰਧਰ ’ਚ ਸ੍ਰੀ ਸੰਤੋਖ ਸਿੰਘ ਚੌਧਰੀ ਦੇ ਹੱਕ ਵਿੱਚ ਇੱਕ ਚੋਣ–ਰੈਲੀ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੱਲ੍ਹ ਜੋ ਪ੍ਰਮਾਣੂ ਹਥਿਆਰਾਂ ਬਾਰੇ ਬਿਆਨ ਦਿੱਤਾ ਸੀ, ਉਹ ਬਿਲਕੁਲ ਗ਼ੈਰ–ਜ਼ਿੰਮੇਵਾਰਾਨਾ ਹੈ।
ਚੇਤੇ ਰਹੇ ਕਿ ਸ੍ਰੀ ਮੋਦੀ ਨੇ ਕੱਲ੍ਹ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਨੇ ਆਪਣੇ ਪ੍ਰਮਾਣੂ ਹਥਿਆਰ ਦੀਵਾਲੀ ਦੇ ਤਿਉਹਾਰ ਮੌਕੇ ਚਲਾਉਣ ਲਈ ਨਹੀਂ ਰੱਖੇ ਹੋਏ।