ਨਵੀਂ ਦਿੱਲੀ : ਆਈਪੀਓ ਲਿਆਉਣ ਦੀ ਤਿਆਰੀ ’ਚ ਲੱਗੀ ਐੱਲਆਈਸੀ ਦੇ ਨਿਰਦੇਸ਼ਕ ਮੰਡਲ ’ਚ ਛੇ ਸੁਤੰਤਰ ਨਿਰਦੇਸ਼ਕ ਸ਼ਾਮਲ ਕੀਤੇ ਗਏ ਹਨ। ਕੰਮਕਾਜ ਚਲਾਉਣ (ਕਾਰਪੋਰੇਟ ਗਵਰਨੈਂਸ) ਨਾਲ ਸਬੰਧਿਤ ਵਿਭਾਗੀ ਨਿਯਮ ਪੂਰੇ ਕਰਨ ਲਈ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਨੇ ਸਾਬਕਾ ਵਿੱਤੀ ਸੇਵਾ ਸਕੱਤਰ ਅੰਜੁਲੀ ਛਿਬ ਦੁੱਗਲ, ਸੇਬੀ ਦੇ ਸਾਬਕਾ ਮੈਂਬਰ ਜੀ ਮਹਾਲਿੰਗਮ ਤੇ ਐੱਸਬੀਆਈ ਲਾਈਫ ਦੇ ਸਾਬਕਾ ਜਨਰਲ ਮੈਨੇਜਰ ਸੰਜੀਵ ਨੌਟਿਆਲ ਨੂੰ ਨਿਰਦੇਸ਼ਕ ਮੰਡਲ ’ਚ ਸ਼ਾਮਲ ਕੀਤਾ ਹੈ।
ਇਸ ਤੋਂ ਇਲਾਵਾ ਚਾਰਟਰਡ ਅਕਾਊਂਟੈਂਟ ਵਿਜੇ ਕੁਮਾਰ, ਰਾਜਕਮਲ ਤੇ ਵੀਐੱਸ ਪਾਰਥਸਾਰਥੀ ਨੂੰ ਐੱਲਆਈਸੀ ਦੇ ਡਾਇਰੈਕਟਰ ਮੰਡਲ ’ਚ ਸੁਤੰਤਰ ਨਿਰਦੇਸ਼ਕ ਵਜੋਂ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨਿਯੁਕਤੀਆਂ ਦੇ ਨਾਲ ਹੀ ਐੱਲਆਈਸੀ ਦੇ ਬੋਰਡ ’ਚ ਸੁਤੰਤਰ ਨਿਰਦੇਸ਼ਕਾਂ ਦੀ ਗਿਣਤੀ ਨੌਂ ਹੋ ਗਈ ਹੈ ਤੇ ਸਾਰੇ ਖ਼ਾਲੀ ਪਏ ਅਹੁਦੇ ਭਰ ਗਏ ਹਨ। ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਕੋਲ ਆਈਪੀਓ ਦਸਤਾਵੇਜ਼ ਜਮ੍ਹਾਂ ਕਰਨ ਤੋਂ ਪਹਿਲਾਂ ਕਾਰਪੋਰੇਟ ਗਵਰਨੈਂਸ ਨਿਯਮ ਪੂਰੇ ਕਰਨੇ ਜ਼ਰੂਰੀ ਹਨ।