ਸਟੇਟ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਰੇਤ ਮਾਫੀਆ ਮਾਮਲੇ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਗੰਭੀਰ ਦੋਸ਼ ਲਾਏ ਹਨ। ਨੇ ਕਿਹਾ ਕਿ ਚੰਨੀ ਦੇ ਇਸ਼ਾਰੇ ‘ਤੇ ਹੀ ਸੂਬੇ ‘ਚ ਖਾਸ ਕਰਕੇ ਚੰਨੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ‘ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ | ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਨ੍ਹਾਂ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਅਤੇ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ ਹਨ।
ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਭੁਪਿੰਦਰ ਸਿੰਘ ਹਨੀ ਦੇ ਘਰੋਂ 10 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ। ਭੁਪਿੰਦਰ ਸਿੰਘ ਹਨੀ ਕਿਹੜਾ ਕਾਰੋਬਾਰ ਕਰਦੇ ਹਨ, ਜਿਹੜੀ ਉਨ੍ਹਾਂ ਦੇ ਘਰੋਂ ਇੰਨੀ ਨਕਦੀ ਮਿਲੀ, ਉਸ ਦੀ ਹੈਸੀਅਤ ਕੀ ਹੈ? ਭੁਪਿੰਦਰ ਸਿੰਘ ਹਨੀ ਹਰ ਸਰਕਾਰੀ ਪ੍ਰੋਗਰਾਮ ਵਿੱਚ ਹਾਜ਼ਰ ਰਹਿੰਦੇ ਸਨ। ਚੰਨੀ ਅਤੇ ਹਨੀ ਇੱਕ ਹੀ ਹਨ। ਚੰਨੀ ਦਾ ਅਰਥ ਹੈ ਹਨੀ ਤੇ ਹਨੀ ਦਾ ਅਰਥ ਹੈ ਪੈਸਾ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਚੋਣ ਕਮਿਸ਼ਨ ਕੋਲ ਜਾ ਕੇ ਕਹਿੰਦੀ ਹੈ ਕਿ ਕੇਂਦਰੀ ਏਜੰਸੀ ਈਡੀ ਦੀ ਦੁਰਵਰਤੋਂ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਲਾਕੇ ਚਮਕੌਰ ਸਾਹਿਬ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਵੱਡੀ ਮਾਤਰਾ ਵਿੱਚ ਪੈਸਾ ਦੇਸ਼ ਤੋਂ ਬਾਹਰ ਭੇਜਿਆ ਜਾ ਰਿਹਾ ਹੈ। ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰੋਂ 10 ਕਰੋੜ ਰੁਪਏ ਦੀ ਨਕਦੀ, 55 ਕਰੋੜ ਰੁਪਏ ਦੀ ਮਨੀ ਟ੍ਰੇਲ, 12 ਲੱਖ ਰੁਪਏ ਦੀ ਰੋਲੇਕਸ ਘੜੀ ਅਤੇ 21 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਭੁਪਿੰਦਰ ਸਿੰਘ ਹਨੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਲੇ ਦਾ ਪੁੱਤਰ ਹੈ, ਬਸ ਇਹੀ ਉਸ ਦੀ ਪਛਾਣ ਹੈ। ਹਨੀ ਨੇ ਸੀਐਮ ਚੰਨੀ ਦੇ ਬੇਟੇ ਦੇ ਵਿਆਹ ਵਿੱਚ ਵੀ ਸਾਰਾ ਪੈਸਾ ਲਗਾ ਦਿੱਤਾ ਸੀ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਕੀਤਾ ਕਿ ਕਾਂਗਰਸ ਪਾਰਟੀ ਭੁਪਿੰਦਰ ਸਿੰਘ ਹਨੀ ‘ਤੇ ਇੰਨੀ ਮਿਹਰਬਾਨ ਕਿਉਂ ਹੈ? ਭੁਪਿੰਦਰ ਸਿੰਘ ਹਨੀ ਨੂੰ ਸੁਰੱਖਿਆ ਕਿਉਂ ਦਿੱਤੀ ਗਈ? ਹਨੀ ਕਮਾਊ ਪੁੱਤਰ ਹੈ, ਇਸ ਲਈ ਉਸ ਨੂੰ ਲਾਲ ਬੱਤੀ ਵਾਲੀ ਕਾਰ ਦਿੱਤੀ ਗਈ। ਕਮਾਂਡੋਜ਼ ਦਿੱਤੇ ਗਏ ਸਨ। ਹਨੀ ਨੂੰ ਕਿਉਂ ਬਚਾ ਰਹੀ ਹੈ ਕਾਂਗਰਸ? ਹਨੀ ਨੂੰ ਕਿਉਂ ਬਚਾ ਰਿਹਾ ਹੈ ਚੰਨੀ? ਭੁਪਿੰਦਰ ਸਿੰਘ ਹਨੀ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਹਨੀ ਹਰ ਸਰਕਾਰੀ ਪ੍ਰੋਗਰਾਮ ‘ਤੇ ਜਾਂਦਾ ਸੀ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਵੇ ਚੰਨੀ।