ਸਵੀਡਨ : ਸਵੀਡਨ ਦੀ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੇ ਭਾਰਤ ਵਿਚ ਕੋਰੋਨਾ ਦੇ ਕਹਿਰ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਸ ਨੇ ਟਵੀਟ ਕਰਕੇ ਦੁਨੀਆ ਭਰ ਦੇ ਦੇਸ਼ਾਂ ਨੂੰ ਭਾਰਤ ਦੀ ਮਦਦ ਦੀ ਬੇਨਤੀ ਕੀਤੀ ਹੈ। ਉਸ ਨੇ ਲਿਖਿਆ ਕਿ ਭਾਰਤ ਵਿੱਚ ਕੋਵਿਡ ਦੇ ਤਾਜ਼ਾ ਹਾਲਾਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਆਲਮੀ ਭਾਈਚਾਰੇ ਨੂੰ ਕਦਮ ਚੁੱਕਣੇ ਚਾਹੀਦੇ ਹਨ ਅਤੇ ਤੁਰੰਤ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।
ਗ੍ਰੇਟਾ ਥਨਬਰਗ ਕਿਸਾਨੀ ਅੰਦੋਲਨ ਦੌਰਾਨ ਵਿਵਾਦਪੂਰਨ ਟੂਲਕਿੱਟ ਪ੍ਰਕਾਸ਼ਤ ਕਰਨ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਈ ਸੀ। ਭਾਜਪਾ ਨੇਤਾਵਾਂ ਸਮੇਤ ਬਹੁਤ ਸਾਰੇ ਲੋਕਾਂ ਨੇ ਦੋਸ਼ ਲਾਇਆ ਸੀ ਕਿ ਭਾਰਤ-ਵਿਰੋਧੀ ਸਾਜਿਸ਼ ਤਹਿਤ ਇਨ੍ਹਾਂ ਟੂਲਕਿੱਟਾਂ ਨੂੰ ਮਸ਼ਹੂਰ ਹਸਤੀਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਇਸ ਨੂੰ ਬਣਾਉਣ ਵਾਲਿਆਂ ਖਿਲਾਫ ਦਿੱਲੀ ਪੁਲਿਸ ਵੱਲੋਂ ਕੇਸ ਵੀ ਦਰਜ ਕੀਤਾ ਗਿਆ ਸੀ। ਹਾਲਾਂਕਿ, ਇਸ ਵਿਚ ਗ੍ਰੇਟਾ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਸੀ। ਗ੍ਰੇਟਾ ਥਨਬਰਗ ਵਾਤਾਵਰਣ ਸੰਕਟ ਦੇ ਵਿਰੁੱਧ ਲੜਨ ਵਿਚ ਸਭ ਤੋਂ ਵੱਡੀਆਂ ਕੋਸ਼ਿਸ਼ਾਂ ਵਜੋਂ ਉਭਰੀ ਸੀ। ਉਸ ਨੇ ਕਈ ਵਾਰ ਆਪਣੇ ਭਾਸ਼ਣਾਂ ਨਾਲ ਲੋਕਾਂ ਦਾ ਦਿਲ ਜਿੱਤਿਆ।
ਦੱਸ ਦਈਏ ਕਿ ਭਾਰਤ ਵਿਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਹਾਲਾਤ ਇੰਨੇ ਗੰਭੀਰ ਬਣਦੇ ਜਾ ਰਹੇ ਹਨ ਕਿ ਕੋਰੋਨਾ ਦੇ ਅੰਕੜੇ ਹਰ ਦਿਨ ਨਵੇਂ ਰਿਕਾਰਡ ਬਣਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ ਹੋਈਆਂ ਮੌਤਾਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ ਇੱਕ ਕਰੋੜ 69 ਲੱਖ 60 ਹਜ਼ਾਰ 172 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੈਰੋਨਾ ਵਾਇਰਸ ਦੀ ਲਾਗ ਦੇ 3,49,691 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 2767 ਲੋਕਾਂ ਦੀ ਮੌਤ ਹੋ ਗਈ।