ਨਵੀਂ ਦਿੱਲੀ : ਦਿੱਲੀ ‘ਚ ਤੇਜ਼ੀ ਨਾਲ ਪੈਰ ਪਸਾਰ ਰਹੇ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਲਾਏ ਗਏ ਲਾਕਡਾਊਨ ਦੀ ਮਿਆਦ 30 ਅਪ੍ਰੈਲ ਤਕ ਲਈ ਵਧਾਈ ਜਾ ਸਕਦੀ ਹੈ। ਦਿੱਲੀ ਸਰਕਾਰ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਦਿੱਲੀ ‘ਚ ਪਿਛਲੇ ਕੁਝ ਦਿਨਾਂ ‘ਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ‘ਚ ਕਾਫ਼ੀ ਉਛਾਲ ਆਇਆ ਹੈ।
ਇਨਫੈਕਸ਼ਨ ਦਰ ਵੀ 36 ਫ਼ੀਸਦੀ ਤਕ ਪੁੱਜ ਚੁੱਕੀ ਹੈ। ਛੇ ਦਿਨਾਂ ਦੇ ਲਾਕਡਾਊਨ ਲਾਉਣ ਤੋਂ ਬਾਅਦ ਮੌਤਾਂ ਦੇ ਅੰਕੜਿਆਂ ‘ਚ ਖ਼ਾਸ ਕਮੀ ਨਹੀਂ ਆਈ ਤੇ ਨਾ ਹੀ ਇਨਫੈਕਸ਼ਨ ਦਰ ‘ਚ ਖ਼ਾਸ ਗਿਰਾਵਟ ਦਰਜ ਕੀਤੀ ਗਈ ਹੈ। ਅਜਿਹੇ ‘ਚ ਪੂਰੀ ਸੰਭਾਵਨਾ ਹੈ ਕਿ ਲਾਕਡਾਊਨ ਨੂੰ ਵਧਾ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਦਿੱਲੀ ‘ਚ 20 ਅਪ੍ਰੈਲ ਤੋਂ ਲਾਕਡਾਊਨ ਲਾਇਆ ਗਿਆ ਸੀ, ਜਿਸਦੀ ਮਿਆਦ ਸੋਮਵਾਰ ਸਵੇਰੇ ਖ਼ਤਮ ਹੋ ਰਹੀ ਹੈ। ਅਜਿਹੇ ‘ਚ ਐਤਵਾਰ ਨੂੰ ਡੀਡੀਐੱਮਏ (ਦਿੱਲੀ ਆਫ਼ਤ ਮੈਨੇਜਮੈਂਟ ਅਥਾਰਟੀ) ਦੀ ਬੈਠਕ ਹੋ ਸਕਦੀ ਹੈ, ਜਿਸ ਵਿਚ ਲਾਕਡਾਊਨ ਨੂੰ ਵਧਾਉਣ ‘ਤੇ ਫ਼ੈਸਲਾ ਹੋ ਸਕਦਾ ਹੈ।