ਚੰਡੀਗੜ੍ਹ : ਬੇਅਦਬੀ ਮਾਮਲੇ ਨੂੰ ਲੈ ਕੇ ਨਵਜੋਤ ਸਿੱਧੂ ਲਗਾਤਾਰ ਸਰਕਾਰ ‘ਤੇ ਤੰਜ਼ ਕੱਸਦੇ ਆ ਰਹੇ ਹਨ। ਪੰਜਾਬ ਸਰਕਾਰ ਖ਼ਿਲਾਫ਼ ਲਗਾਤਾਰ ਗੁੱਸੇ ਵਾਲਾ ਰੁੱਖ ਅਖ਼ਤਿਆਰ ਕਰੀ ਬੈਠੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੀ ਗੱਲ ਰੱਖੀ ਹੈ ਤੇ ਬਾਦਲ ਪਰਿਵਾਰ ਰਾਂਹੀ ਕੈਪਟਨ ਸਰਕਾਰ ਨੂੰ ਕਰੜੇ ਹੱਥੀ ਲਿਆ ਹੈ। ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਕਿ ਜੇ ਚਾਰਜਸ਼ੀਟ ਵਿਚ ਪ੍ਰਕਾਸ਼ ਸਿੰਘ ਤੇ ਸੁਖਬੀਰ ਬਾਦਲ ਦੇ ਨਾਮ ਆਉਣ ਤੋਂ ਦੋ ਸਾਲ ਬਾਅਦ ਵੀ ਉਨ੍ਹਾਂ ਖ਼ਿਲਾਫ਼ ਚਲਾਨ ਪੇਸ਼ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਦਾ ਨਾਮ ਐੱਫ. ਆਈ. ਆਰ ‘ਚ ਪਾਇਆ ਗਿਆ ਤਾਂ ਸਾਨੂੰ ਇਨਸਾਫ਼ ਕਿਵੇਂ ਮਿਲੇਗਾ ? ਇਨ੍ਹਾਂ ਦੋਹਾਂ ਵਿਰੁੱਧ ਸਬੂਤ ਅਦਾਲਤ ਸਾਹਮਣੇ ਕਿਉਂ ਪੇਸ਼ ਨਹੀਂ ਕੀਤੇ ਗਏ ? ਪੰਜਾਬ ਦੇ ਸਭ ਤੋਂ ਅਹਿਮ ਇਸ ਕੇਸ ਨੂੰ ਠੰਢੇ ਬਸਤੇ ‘ਚ ਪਾਉਣ ਅਤੇ ਲੀਹੋਂ ਲਾਹੁਣ ਲਈ ਕੌਣ ਜ਼ਿੰਮੇਵਾਰ ਹੈ ?
ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਲੈ ਕੇ ਸਵਾਲ ਚੁੱਕੇ ਸਨ। ਸਿੱਧੂ ਨੇ ਸਵਾਲ ਕਰਦਿਆਂ ਕਿਹਾ ਸੀ ਕਿ ਕੀ ਗ੍ਰਹਿ ਮੰਤਰੀ ਲਈ ਬੇਅਦਬੀ ਦਾ ਮਾਮਲਾ ਸਭ ਤੋਂ ਅਹਿਮ ਨਹੀਂ ਸੀ। ਨਵਜੋਤ ਸਿੱਧੂ ਨੇ ਟਵੀਟ ਕੀਤਾ, ‘ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ ? ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੜ੍ਹਨੀ ਤੇ ਕੇਵਲ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ ‘ਚ ਨਹੀਂ ਹੈ… ਫਿਰ ਏਜੀ ਦੀ ਲਗਾਮ ਕਿਸ ਦੇ ਹੱਥ ਹੈ? ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ ਪਿਆਦੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਤੋਂ ਕਾਂਗਰਸ ਨੂੰ ਵੀ ਹਟਾ ਦਿੱਤਾ ਹੈ ਤੇ ਪਿਛਲੇ ਕੁੱਝ ਦਿਨਾਂ ਤੋਂ ਨਵਜੋਤ ਸਿੱਧੂ ਕਾਫ਼ੀ ਚਰਚਾ ਵਿਚ ਹਨ ਕਿਉਂਕਿ ਉਹ ਹੁਣ ਬੇਅਦਬੀ ਮਾਮਲੇ ਨੂੰ ਲੈ ਕੇ ਕਾਫ਼ੀ ਐਕਟਿਵ ਹੋ ਗਏ ਹਨ ਉਹ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ‘ਤੇ ਟਵੀਟ ਕਰਦੇ ਰਹਿੰਦੇ ਹਨ।