ਪਟਿਆਲਾ: ਦੇਰ ਰਾਤ ਪਟਿਆਲਾ ਦੀ ਵਿਕਾਸ ਕਾਲੋਨੀ ਮਕਾਨ ਨੰਬਰ 30 ਵਿਚ ਇਕ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਤਿੰਦਰਪਾਲ ਸਿੰਘ ਘੁਮਾਣ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਬਾਰ ਕੌਂਸਲ ਦੇ ਮੈਂਬਰ ਹੈਰੀ ਸਿੰਗਲਾ ਦੀ ਮਾਤਾ ਦਾ ਕਤਲ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਹੈਰੀ ਸਿੰਗਲਾ ਦੇ ਦੋ ਭਰਾ ਹਾਈ ਕੋਰਟ ਵਿੱਚ ਵਕੀਲ ਹਨ ਅਤੇ ਇਹ ਬਹੁਤ ਹੀ ਸ਼ਰੀਫ਼ ਪਰਿਵਾਰ ਹੈ ਪਰ ਇਨ੍ਹਾਂ ਦੀ ਮਾਤਾ ਦਾ ਕਤਲ ਹੋਣਾ ਇਕ ਵੱਡਾ ਸਵਾਲ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।
ਇਸ ਮੌਕੇ ਪਹੁੰਚੇ ਡੀਐੱਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਇਹ ਮਹਿਲਾ ਆਪਣੇ ਪਰਿਵਾਰ ਨਾਲ ਮਕਾਨ ਨੰਬਰ 30 ਵਿਚ ਰਹਿ ਰਹੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਫਿਲਹਾਲ ਕਤਲ ਦੇ ਕਾਰਨਾਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ।
ਉਹ ਪਰਿਵਾਰ ਨਾਲ ਵੀ ਪੁੱਛਗਿੱਛ ਕਰਨਗੇ ਅਤੇ ਬਾਕੀ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਕੇ ਇਸ ਕਤਲ ਦੀ ਵਾਰਦਾਤ ਨੂੰ ਜਲਦ ਤੋਂ ਜਲਦ ਹੱਲ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣਗੇ। ਦੱਸ ਦਈਏ ਕਿ ਇਸ ਮਹਿਲਾ ਦੀ ਉਮਰ 62 ਸਾਲ ਦੇ ਕਰੀਬ ਸੀ ਅਤੇ ਇਸ ਦੇ ਪਤੀ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਸੀ ਜੋ ਕਿ ਬਾਰ ਕੌਂਸਲ ਪਟਿਆਲਾ ਵਿਚ ਉੱਚ ਅਧਿਕਾਰੀ ਦੇ ਤੌਰ ਉਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਸਨ।