ਅਮਰੀਕਾ : ਮੰਗਲ ਗ੍ਰਹਿ (Mars) ਉਤੇ ਜੀਵਨ ਅਤੇ ਪਾਣੀ ਦੀ ਭਾਲ ਲਈ ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਦੁਆਰਾ ਜਾਰੀ ਮੁਹਿੰਮ ਦੇ ਹਿੱਸੇ ਵਜੋਂ ਸੋਮਵਾਰ ਨੂੰ ਏਜੰਸੀ ਨੂੰ ਵੱਡੀ ਸਫਲਤਾ ਮਿਲੀ ਹੈ। ਨਾਸਾ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਵੱਲੋਂ ਪਰਸੇਵਰੈਂਸ ਰੋਵਰ ਦੇ ਜ਼ਰੀਏ ਮੰਗਲ ਗ੍ਰਹਿ ਉਤੇ ਭੇਜੇ ਗਏ ਇਨਜੈਨਿਟੀ (Ingenuity) ਹੈਲੀਕਾਪਟਰ ਨੇ ਉਥੋਂ ਆਪਣੀ ਪਹਿਲੀ ਸਫਲ ਉਡਾਣ ਭਰੀ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਹੈਲੀਕਾਪਟਰ ਨੂੰ ਕਿਸੇ ਹੋਰ ਗ੍ਰਹਿ ਤੋਂ ਉਡਾਇਆ ਗਿਆ ਹੋਵੇ। ਨਾਸਾ ਨੇ ਆਪਣੀ ਵੀਡੀਓ ਵੀ ਜਾਰੀ ਕੀਤੀ ਹੈ।
ਮੰਗਲ ‘ਤੇ ਨਾਸਾ ਦੀ ਇਨਜੈਨਿਟੀ ਹੈਲੀਕਾਪਟਰ ਉਡਾਣ ਦਾ ਲਾਇਵ ਪ੍ਰਸਾਰਨ ਵੀ ਨਾਸਾ ਦੀ ਜੈੱਟ ਪ੍ਰੋਪਲੇਸ਼ਨ ਪ੍ਰਯੋਗਸ਼ਾਲਾ ਦੁਆਰਾ ਪ੍ਰਸਾਰਿਤ ਕੀਤਾ ਗਿਆ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਹੈਲੀਕਾਪਟਰ ਕੁਝ ਸਕਿੰਟਾਂ ਤੱਕ ਮੰਗਲ ‘ਤੇ ਉਡਾਣ ਭਰਦਾ ਰਿਹਾ।
ਜਿਵੇਂ ਹੀ ਹੈਲੀਕਾਪਟਰ ਉਡਿਆ, ਪੂਰੀ ਪ੍ਰਯੋਗਸ਼ਾਲਾ ਤਾੜੀਆਂ ਨਾਲ ਗੂੰਜ ਉਠੀ। ਵਿਗਿਆਨੀ ਇਸ ਸਫਲਤਾ ਪ੍ਰਤੀ ਬਹੁਤ ਉਤਸ਼ਾਹਤ ਦਿਖਾਈ ਦੇ ਰਹੇ ਹਨ। ਲਾਲ ਗ੍ਰਹਿ ਉਤੇ ਨਾਸਾ ਦੇ ਹੈਲੀਕਾਪਟਰ ਦੀ ਸਫਲ ਉਡਾਨ ਤੋਂ ਬਾਅਦ ਪ੍ਰੋਜੈਕਟ ਮੈਨੇਜਰ ਮੀਮੀ ਓਂਗ ਨੇ ਨਾਸਾ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਛੇ ਸਾਲਾਂ ਜਾਂ ਇਸ ਤੋਂ ਵੱਧ ਸਮੇਂ ਤੋਂ ਇਸ ਮੁਹਿੰਮ ਲਈ ਕੰਮ ਕਰ ਰਹੀ ਸੀ।