ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਨਾਲ ਨਜਿੱਠਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਨੌਂ ਮਹੀਨਿਆਂ ਬਾਅਦ ਅੱਜ ਦੇਸ਼ ਨੇ 100 ਕਰੋੜ ਟੀਕੇ ਲਗਾਉਣ ਦਾ ਅੰਕੜਾ ਪੂਰਾ ਕਰ ਲਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਾਨੋਮ ਗਿਬਰਿਏਸੋਸ ਨੇ ਵੀ ਭਾਰਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਉਹਨਾਂ ਕਿਹਾ, ‘ਕੋਵਿਡ -19 ਤੋਂ ਕਮਜ਼ੋਰ ਜਨਸੰਖਿਆ ਦੀ ਰੱਖਿਆ ਕਰਨ ਅਤੇ ਵੈਕਸੀਨ ਸਮਾਨਤਾ ਦੇ ਟੀਚਿਆਂ ਨੂੰ ਹਾਸਲ ਕਰਨ ਦੇ ਤੁਹਾਡੇ ਯਤਨਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਗਿਆਨੀਆਂ, ਸਿਹਤ ਸੰਭਾਲ ਕਰਮਚਾਰੀਆਂ ਅਤੇ ਭਾਰਤ ਦੇ ਲੋਕਾਂ ਨੂੰ ਵਧਾਈ’।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਅਤੇ ਪੀਐਮ ਮੋਦੀ ਨੂੰ 100 ਕਰੋੜ ਵੈਕਸੀਨ ਦਾ ਅੰਕੜਾ ਪੂਰਾ ਕਰਨ ਲਈ ਵਧਾਈ ਦਿੱਤੀ ਹੈ। ਭਾਰਤ ਵਿਚ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋਈ ਸੀ। ਪਹਿਲਾਂ ਫਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ ਫਿਰ ਸੀਨੀਅਰ ਨਾਗਰਿਕਾਂ ਅਤੇ ਫਿਰ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਨੂੰ ਟੀਕਾਕਰਣ ਦੀ ਆਗਿਆ ਦਿੱਤੀ ਗਈ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਵਧਾਈ ਦਿੱਤੀ ਅਤੇ ਡਾਕਟਰ ਅਤੇ ਕੋਰੋਨਾ ਯੋਧਿਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਟਵੀਟ ਕਰਦਿਆਂ ਕਿਹਾ, “ਭਾਰਤ ਨੇ ਰਚਿਆ ਇਤਿਹਾਸ! ਅਸੀਂ ਭਾਰਤੀ ਵਿਗਿਆਨ, ਉੱਦਮਾਂ ਅਤੇ 130 ਕਰੋੜ ਭਾਰਤੀਆਂ ਦੀ ਸਮੂਹਿਕ ਭਾਵਨਾਵਾਂ ਦੀ ਜਿੱਤ ਵੇਖ ਰਹੇ ਹਾਂ। ਭਾਰਤ ਨੂੰ 100 ਕਰੋੜ ਟੀਕੇ ਲਗਾਉਣ ‘ਤੇ ਵਧਾਈ। ਸਾਡੇ ਡਾਕਟਰਾਂ, ਨਰਸਾਂ ਅਤੇ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰਾਪਤੀ ਨੂੰ ਹਾਸਲ ਕਰਨ ਲਈ ਕੰਮ ਕੀਤਾ।” ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨੇ ਵੀ ਕੋਰੋਨਾ ਯੋਧਿਆਂ ਦਾ ਧੰਨਵਾਦ ਕੀਤਾ।