ਵਾਸ਼ਿੰਗਟਨ (ਪੀਟੀਆਈ) : ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਚੀਨ ’ਚ ਅਗਲੇ ਅਮਰੀਕੀ ਰਾਜਦੂਤ ਦੇ ਰੂਪ ’ਚ ਨਾਮਜ਼ਦ ਨਿਕੋਲਸ ਬਰਨਸ ਨੇ ਭਾਰਤ ਦੇ ਚਾਲਬਾਜ਼ ਗੁਆਂਢੀ ਨੂੰ ਸਪਸ਼ਟ ਸੰਦੇਸ਼ ਦੇ ਦਿੱਤਾ ਹੈ। ਉਨ੍ਹਾਂ ਸਾਫ਼ ਕਿਹਾ ਹੈ ਕਿ ਚੀਨ ਹਿਮਾਲਈ ਸਰਹੱਦ ’ਤੇ ਭਾਰਤ ਦੇ ਪ੍ਰਤੀ ਹਮਲਾਵਰ ਰਿਹਾ ਹੈ ਤੇ ਜੇਕਰ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਤਾਂ ਅਮਰੀਕਾ ਨੂੰ ਉਸ ਨੂੰ ਜਵਾਬਦੇਹ ਬਣਾਉਣਾ ਪਵੇਗਾ।
ਚੀਨ ’ਚ ਅਮਰੀਕੀ ਰਾਜਦੂਤ ਦੇ ਰੂਪ ’ਚ ਆਪਣੇ ਨਾਂ ਦੀ ਪੁਸ਼ਟੀ ਸਬੰਧੀ ਸੁਣਵਾਈ ਦੌਰਾਨ ਸੈਨੇਟ ਦੀ ਵਿਦੇਸ਼ ਸਬੰਧਾਂ ਨਾਲ ਜੁੜੀ ਕਮੇਟੀ ਦੇ ਮੈਂਬਰਾਂ ਨੂੰ ਬਰਨਸ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਨੂੰ ਜਿੱਥੇ ਚੁਣੌਤੀ ਦੀ ਜ਼ਰੂਰਤ ਪਵੇਗੀ, ਅਮਰੀਕਾ ਉਸ ਨੂੰ ਉੱਥੇ ਚੁਣੌਤੀ ਦੇਵੇਗਾ। ਚੀਨ ਜਦੋਂ ਵੀ ਅਮਰੀਕੀ ਮੁੱਲਾਂ ਤੇ ਹਿੱਤਾਂ ਦੇ ਖ਼ਿਲਾਫ਼ ਕਦਮ ਚੁੱਕੇਗਾ, ਅਮਰੀਕਾ ਜਾਂ ਉਸਦੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰੇਗਾ ਜਾਂ ਨਿਯਮ ਆਧਾਰਤ ਅੰਤਰਰਾਸ਼ਟਰੀ ਵਿਵਸਥਾ ਨੂੰ ਕਮਜ਼ੋਰ ਕਰੇਗਾ, ਅਮਰੀਕਾ ਉਸਦੇ ਖ਼ਿਲਾਫ਼ ਕਦਮ ਚੁੱਕੇਗਾ।
ਬਰਨਸ ਨੇ ਕਿਹਾ, ‘ਚੀਨ ਹਿਮਾਲਈ ਸਰਹੱਦ ਤੇ ਭਾਰਤ ਖ਼ਿਲਾਫ਼, ਦੱਖਣੀ ਚੀਨ ਸਾਗਰ ’ਚ ਵੀਅਤਨਾਮ, ਫਲੀਪੀਂਸ ਤੇ ਹੋਰਨਾਂ ਦੇ ਖਿਲਾਫ਼, ਪੂਰਬੀ ਚੀਨ ਸਾਗਰ ’ਚ ਜਾਪਾਨ ਦੇ ਖਿਲਾਫ਼ ਹਮਲਾਵਰ ਰਿਹਾ ਹੈ। ਉਸ ਨੇ ਆਸਟ੍ਰੇਲੀਆ ਤੇ ਲਿਥੂਆਨੀਆ ਨੂੰ ਧਮਕਾਉਣ ਦੀ ਮੁਹਿੰਮ ਚਲਾਈ ਹੈ। ਸ਼ਿਨਜਿਆਂਗ ਸੂਬੇ ’ਚ ਕਤਲੇਆਮ, ਤਿੱਬਤ ’ਚ ਸ਼ੋਸ਼ਣ, ਹਾਂਗਕਾਂਗ ਦੀ ਖ਼ੁਦਮੁਖਤਾਰੀ ਤੇ ਸੁਤੰਤਰਤਾ ਦਾ ਗਲਾ ਘੁੱਟਣ ਤੇ ਤਾਇਵਾਨ ਨੂੰ ਧਮਕਾਉਣ ਵਰਗੀਆਂ ਚੀਨੀ ਹਰਕਤਾਂ ਅਨਿਆਂਪੂੁਰਨ ਹਨ। ਇਸ ਨੂੰ ਰੋਕਣਾ ਚਾਹੀਦਾ ਹੈ।’
ਉਨ੍ਹਾਂ ਕਿਹਾ ਕਿ ਤਾਇਵਾਨ ਦੇ ਖ਼ਿਲਾਫ਼ ਬੀਜਿੰਗ ਦੀ ਖ਼ਾਸ ਤੌਰ ’ਤੇ ਹਾਲੀਆ ਕਾਰਵਾਈ ਇਤਰਾਜ਼ਯੋਗ ਹੈ। ਬਰਨਸ ਨੇ ਕਿਹਾ, ‘ਸਾਡਾ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਨਾ ਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਜਿਉਂ ਦੀ ਤਿਉਂ ਸਥਿਤੀ ਤੇ ਸਥਿਰਤਾ ਨੂੰ ਕਮਜ਼ੋਰ ਕਰਨ ਵਾਲੀ ਇਕਪਾਸੜ ਕਾਰਵਾਈ ਦਾ ਵਿਰੋਧ ਕਰਨਾ ਵੀ ਸਹੀ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ਨੌਕਰੀਆਂ ਤੇ ਅਰਥਚਾਰਾ, ਅਹਿਮ ਬੁਨਿਆਦੀ ਢਾਂਚੇ ਤੇ ਉਭਰਦੀਆਂ ਟੈਕਨਾਲੋਜੀਆਂ ਸਮੇਤ ਉਨ੍ਹਾਂ ਖੇਤਰਾਂ ’ਚ ਚੀਨ ਨਾਲ ਸਖ਼ਤ ਮੁਕਾਬਲਾ ਕਰੇਗਾ, ਜਿੱਥੇ ਅਜਿਹਾ ਕਰਨ ਦੀ ਲੋੜ ਹੈ। ਅਮਰੀਕਾ ਆਪਣੇ ਹਿੱਤ ’ਚ ਪੌਣ ਪਾਣੀ ਪਰਿਵਰਤਨ, ਨਸ਼ੀਲੇ ਪਦਾਰਥਾਂ ਦੇ ਖਿਲਾਫ਼ ਕਾਰਵਾਈ, ਵਿਸ਼ਵ ਸਿਹਤ ਤੇ ਨਿਰਸਤਰੀਕਰਨ ਵਰਗੇ ਮਾਮਲਿਆਂ ’ਚ ਚੀਨ ਨਾਲ ਸਹਿਯੋਗ ਵੀ ਕਰੇਗਾ। ਉਨ੍ਹਾਂ ਕਿਹਾਕਿ ਚੀਨ ਹਿੰਦ ਪ੍ਰਸ਼ਾਂਤ ’ਚ ਸਭ ਤੋਂ ਵੱਡੀ ਫ਼ੌਜੀ ਤੇ ਸਿਆਸੀ ਸ਼ਕਤੀ ਤੇ ਅਰਥਚਾਰਾ ਬਣਨਾ ਚਾਹੁੰਦਾ ਹੈ।