ਸਰੀ ਦਾ ਕੁਲਵਿੰਦਰ ਪੂਨੀ 10 ਅਕਤੂਬਰ ਤੇ ਮਿਸੀਸਾਗਾ ਦਾ ਠਾਕੁਰ ਕੈਲੇ ਸ਼ੁੱਕਰਵਾਰ ਨੂੰ ਹੋਇਆ ਸੀ ਲਾਪਤਾ
ਪੁਲਿਸ ਨੇ ਭਾਲ ਲਈ ਮੰਗੀ ਸੀ ਲੋਕਾਂ ਦੀ ਮਦਦ
ਸਰੀ : ਕੈਨੇਡਾ ’ਚ ਲਾਪਤਾ ਹੋਏ ਭਾਰਤੀ ਮੂਲ ਦੇ ਦੋ ਸ਼ਖਸ ਕੁਲਵਿੰਦਰ ਪੂਨੀ ਤੇ ਠਾਕੁਰ ਕੈਲੇ ਸਹੀ ਸਲਾਮਤ ਮਿਲ ਗਏ ਹਨ। ਸਰੀ ਦਾ ਵਾਸੀ 55 ਸਾਲਾ ਕੁਲਵਿੰਦਰ ਪੂਨੀ 10 ਅਕਤੂਬਰ ਨੂੰ ਲਾਪਤਾ ਹੋਇਆ ਸੀ, ਜਦਕਿ ਮਿਸੀਸਾਗਾ ਦਾ ਵਾਸੀ 18 ਸਾਲਾ ਠਾਕੁਰ ਕੈਲੇ ਬੀਤੇ ਸ਼ੁੱਕਰਵਾਰ ਨੂੰ ਲਾਪਤਾ ਹੋ ਗਿਆ ਸੀ।
ਸਰੀ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) ਮੁਤਾਬਕ ਕੁਲਵਿੰਦਰ ਪੂਨੀ 10 ਅਕਤੂਬਰ ਨੂੰ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਾ ਸੀ। ਭਾਰਤੀ ਮੂਲ ਦੇ ਕੁਲਵਿੰਦਰ ਪੂਨੀ ਦਾ ਭਾਰ ਲਗਭਗ 70 ਕਿਲੋ ਤੇ ਲੰਬਾਈ 5 ਫੁੱਟ 8 ਇੰਚ ਹੈ। ਉਹ ਸਿਰੋਂ ਮੋਨਾ ਹੈ ਤੇ ਜਿਸ ਵੇਲੇ ਉਹ ਲਾਪਤਾ ਹੋਇਆ ਸੀ, ਉਸ ਵੇਲੇ ਉਸ ਨੇ ਕਾਲੀ ਪੈਂਟ ਨਾਲ ਸਲੇਟੀ ਰੰਗ ਦੀ ਜੈਕਟ ਪਾਈ ਹੋਈ ਸੀ। ਉਹ ਸਰੀ ਦੀ 120 ਸਟਰੀਟ ਅਤੇ 72 ਐਵੇਨਿਊ ਦਾ ਵਾਸੀ ਐ। ਕੁਲਵਿੰਦਰ ਪੂਨੀ ਦਾ ਪਰਿਵਾਰ ਤੇ ਆਰਸੀਐਮਪੀ ਉਸ ਦੀ ਸਿਹਤਯਾਬੀ ਨੂੰ ਲੈ ਕੇ ਚਿੰਤਤ ਸਨ, ਪਰ ਹੁਣ ਉਨ੍ਹਾਂ ਦੀ ਚਿੰਤਾ ਦੂਰ ਹੋ ਗਈ ਹੈ।
ਇਸ ਤੋਂ ਇਲਾਵਾ ਬੀਤੇ ਸ਼ੁੱਕਰਵਾਰ ਨੂੰ ਲਾਪਤਾ ਹੋਇਆ ਮਿਸੀਸਾਗਾ ਦਾ ਵਾਸੀ 18 ਸਾਲਾ ਠਾਕੁਰ ਕੈਲੇ ਵੀ ਸਹੀ ਸਲਾਮਤ ਮਿਲ ਗਿਆ ਹੈ। ਪੀਲ ਪੁਲਿਸ ਨੇ ਇਸ ਤੋਂ ਪਹਿਲਾਂ ਉਸ ਦੇ ਲਾਪਤਾ ਹੋਣ ਦੀ ਸੂਚਨਾ ਜਾਰੀ ਕਰਦਿਆਂ ਦੱਸਿਆ ਸੀ ਕਿ ਠਾਕੁਰ ਕਲੇਅ ਨੂੰ ਆਖਰੀ ਵਾਰ ਸ਼ੁੱਕਰਵਾਰ ਦੀ ਰਾਤ ਮਿਸੀਸਾਗਾ ਦੇ ਕਰੈਡਿਟਵਿਊ ਅਤੇ ਬ੍ਰਿਟਾਨੀਆ ਰੋਡ ਦੇ ਨੇੜੇ ਵੇਖਿਆ ਗਿਆ ਸੀ। ਠਾਕੁਰ ਕੈਲੇ ਪੂਰਵੀ ਭਾਰਤ ਨਾਲ ਪਿਛੋਕੜ ਰੱਖਦਾ ਹੈ, ਜਿਸ ਦੀ ਲੰਬਾਈ 6 ਫੁੱਟ 2 ਇੰਚ ਅਤੇ ਭਾਰ ਲਗਭਗ 95 ਕਿੱਲੋ ਹੈ। ਉਹ ਸਿਰੋਂ ਮੋਨਾ ਹੈ ਤੇ ਉਸ ਨੇ ਹਲਕੀ ਦਾੜ੍ਹੀ ਰੱਖੀ ਹੋਈ ਹੈ। ਜਦੋਂ ਉਹ ਲਾਪਤਾ ਹੋਇਆ ਸੀ, ਉਸ ਵੇਲੇ ਉਸ ਨੇ ਚਸਮੇ ਲਾਏ ਹੋਏ ਸਨ। ਇਸ ਤੋਂ ਇਲਾਵਾ ਉਸ ਨੇ ਕਾਲੇ ਜੁੱਤੇ, ਕਾਲੇ ਹੀ ਰੰਗ ਦਾ ਟੋਪੀ ਵਾਲਾ ਸਵੈਟਰ ਤੇ ਸਲੇਟੀ ਰੰਗ ਦੀ ਨਿੱਕਰ ਪਾਈ ਹੋਈ ਸੀ। ਉਸ ਕੋਲ ਕਾਲੇ ਰੰਗ ਦਾ ਪਿੱਠੂ ਬੈਗ ਵੀ ਸੀ।
ਇਨ੍ਹਾਂ ਦੋਵਾਂ ਭਾਰਤੀ ਮੂਲ ਦੇ ਵਿਅਕਤੀਆਂ ਦੇ ਸਹੀ ਸਲਾਮਤ ਮਿਲਣ ’ਤੇ ਸਰੀ ਆਰਸੀਐਮਪੀ ਤੇ ਪੀਲ ਪੁਲਿਸ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ।