ਗਾਜ਼ਾ (ਏਐੱਨਆਈ) : ਵੈਸਟ ਬੈਂਕ ‘ਚ ਇਜ਼ਰਾਈਲੀ ਫ਼ੌਜੀਆਂ ਤੇ ਫਲਸਤੀਨੀਆਂ ਵਿਚਾਲੇ ਸ਼ੁੱਕਰਵਾਰ ਨੂੰ ਝੜਪ ਹੋ ਗਈ। ਇਸ ਘਟਨਾ ‘ਚ 44 ਫਲਸਤੀਨੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਫਲਸਤੀਨ ਰੋਡ ਕ੍ਰਿਸੈਂਟ ਨੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਕਿਹਾ ਹੈ, ‘ਵੈਸਟ ਬੈਂਕ ‘ਚ ਨਬਲਸ ਸ਼ਹਿਰ ਨੇੜੇ ਬੇਇਤਾ ਤੇ ਬਾਇਤ ਦਜਾਨ ਇਲਾਕਿਆਂ ‘ਚ ਇਜ਼ਰਾਈਲੀ ਫ਼ੌਜੀਆਂ ਨਾਲ ਸੰਘਰਸ਼ ‘ਚ 44 ਫਲਸਤੀਨੀ ਜ਼ਖਮੀ ਹੋ ਗਏ।’ ਉਧਰ, ਇਜ਼ਰਾਈਲੀ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਕਿਹਾ ਕਿ ਨਬਲਸ ਨੇੜੇ ਸੰਘਰਸ਼ ਹੋਇਆ। ਫਲਸਤੀਨੀਆਂ ਦਾ ਇਕ ਗਰੁੱਪ ਪਹਿਲੀ ਸੂਚਨਾ ਦੇ ਬਿਨਾਂ ਇੱਥੇ ਦਾਖ਼ਲ ਹੋ ਰਿਹਾ ਸੀ। ਆਈਡੀਐੱਫ ਦੇ ਜਵਾਨਾਂ ਨੂੰ ਭੀੜ ਨੂੰ ਹਟਾਉਣ ਲਈ ਭੇਜਿਆ ਗਿਆ ਸੀ।
ਨਿਊਜ਼ ਏਜੰਸੀ ਆਈਏਐੱਨਐੱਸ ਮੁਤਾਬਕ, ਫਲਸਤੀਨ ਨੇ ਯੇਰੂਸ਼ਲਮ ‘ਚ ਤੇ ਇਜ਼ਰਾਈਲੀ ਬਸਤੀਆਂ ਵਸਾਉਣ ਦੀ ਯੋਜਨਾ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਫਲਸਤੀਨ ਨੇ ਕਿਹਾ ਹੈ ਕਿ ਇਹ ਖ਼ਤਰਨਾਕ ਹੋਵੇਗਾ। ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਦਫਤਰ ਨੇ ਕਿਹਾ ਕਿ ਕਬਜ਼ੇ ਵਾਲੇ ਯੇਰੂਸ਼ਲਮ (ਪੂਰਬੀ) ਦੇ ਚਾਰੇ ਪਾਸੇ ਕਈ ਗੈਰ-ਕਾਨੂੰਨੀ ਬਸਤੀਆਂ ‘ਚ ਇਜ਼ਰਾਈਲੀਆਂ ਲਈ ਸੈਂਕੜੇ ਰਿਹਾਇਸ਼ੀ ਇਕਾਈਆਂ ਤਿਆਰ ਕਰਨ ਦੀ ਯੋਜਨਾ ਖ਼ਤਰਨਾਕ ਹੈ।