ਜੰਡਿਆਲਾ ਗੁਰੂ – ਦਿੱਲੀ ਦੇ ਸਿੰਘੂ ਬਾਰਡਰ ‘ਤੇ ਬੇਅਦਬੀ ਕਰਨ ਵਾਲੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਇਸ ਮਾਮਲੇ ਵਿਚ ਇਕ ਮੁਲਜ਼ਮ ਸਰਜੀਤ ਸਿੰਘ ਨੂੰ ਪੁਲਸ ਨੇ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਸੀ, ਜਦਕਿ ਉਸ ਦਾ ਦੂਸਰਾ ਸਾਥੀ ਬਾਬਾ ਬਾਜ਼ ਸਿੰਘ ਮਿਸਲ ਤਰਨਾ ਦਲ ਨਿਹੰਗ ਬਾਬਾ ਨਰੈਣ ਸਿੰਘ ਨੇ ਪਿੰਡ ਰਖ ਦੇਵੀਦਾਸਪੁਰਾ (ਅਮਰਕੋਟ) ਥਾਣਾ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਚ ਆਪਣੇ ਆਪ ਨੂੰ ਸਰੰਡਰ ਕਰ ਦਿੱਤਾ, ਜਿਸ ਨੂੰ ਜੰਡਿਆਲਾ ਗੁਰੂ ਅਤੇ ਹਰਿਆਣਾ ਦੀ ਪੁਲਸ ਨੇ ਪਿੰਡ ਅਮਰਕੋਟ ਤੋਂ ਗ੍ਰਿਫਤਾਰ ਕੀਤਾ।
ਇਸ ਮੌਕੇ ਨਿਹੰਗ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਪੁਲਸ ਨੇ ਉਨ੍ਹਾਂ ਦੇ ਪਿੰਡ ਨੂੰ ਘੇਰਾ ਪਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਮੇਰੀ ਤਰਨਤਾਰਨ ਦੇ ਐੱਸ. ਐੱਸ. ਪੀ. ਨਾਲ ਫੋਨ ‘ਤੇ ਗੱਲ ਹੋਈ ਸੀ। ਉਨ੍ਹਾਂ ਕਿਹਾ ਕਿ ਮੈਂ ਬੇਅਦਬੀ ਕਰਨ ਵਾਲੇ ਦੀਆਂ ਲੱਤਾਂ ਵੱਡੀਆਂ ਸਨ, ਇਹ ਕੰਮ ਕਰ ਕੇ ਮੈਨੂੰ ਕੋਈ ਵੀ ਅਫਸੋਸ ਨਹੀਂ ਹੈ।
ਇਸ ਮੌਕੇ ਨਿਹੰਗ ਸਿੰਘ ਦੀ ਪਤਨੀ ਨੇ ਕਿਹਾ ਮੈਨੂੰ ਫਖਰ ਹੈ ਕਿ ਉਨ੍ਹਾਂ ਦੇ ਪਤੀ ਨੇ ਗੁਰੂ ਜੀ ਦੀ ਬੇਅਦਬੀ ਕਰਨ ਵਾਲੇ ਤੋਂ ਬਦਲਾ ਲੈ ਕੇ ਸਿੱਖ ਕੌਮ ਦਾ ਨਾਂ ਉੱਚਾ ਕੀਤਾ। ਨਿਹੰਗ ਸਿੰਘ ਨਰੈਣ ਸਿੰਘ ਨੇ ਗ੍ਰਿਫਤਾਰੀ ਜੈਕਾਰੇ ਲਗਾਉਂਦਿਆਂ ਦਿੱਤੀ। ਪੁਲਸ ਨੇ ਇਸ ਮਾਮਲੇ ‘ਚ ਬੋਲਣ ਤੋਂ ਇਨਕਾਰ ਕੀਤਾ।