ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ਮੌਕੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਭਾਰੀ ਲਾਪਰਵਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਖੁਫ਼ੀਆ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਆਈਜੀ) ਨੇ ਆਪਣੀ ਰਿਪੋਰਟ ਵਿਚ ਖ਼ੁਲਾਸਾ ਕੀਤਾ ਹੈ ਕਿ ਮੁੱਖ ਮੰਤਰੀ ਦੇ ਫਰਜੰਦ ਦੇ ਵਿਆਹ ਮੌਕੇ ਲੇਡੀਜ਼ ਸੰਗੀਤ ਸਮਾਗਮ ਦੌਰਾਨ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਲਾਪਰਵਾਹੀ ਹੋਈ ਹੈ। ਸਾਦੇ ਕੱਪੜੇ ਵਿਚ ਤਾਇਨਾਤ ਜਿੱਥੇ ਲੇਡੀਜ਼ ਪੁਲਿਸ ਮੁਲਾਜ਼ਮ ਖਾਣ-ਪੀਣ ਤੇ ਵਿਆਹ ਦਾ ਅਨੰਦ ਲੈਂਦੀਆਂ ਰਹੀਆਂ ਉਥੇ ਸੁਰੱਖਿਆ ਵਿਚ ਤਾਇਨਾਤ ਕਮਾਂਡੋ ਤੇ ਹੋਰ ਮੁਲਾਜ਼ਮ ਮੋਬਾਈਲ ਫੋਨ ‘ਤੇ ਵੀਡੀਓ ਦੇਖਦੇ ਅਤੇ ਸ਼ਰਾਬ ਪੀਂਦੇ ਨਜ਼ਰ ਆਏ ਹਨ। ਖੁਫ਼ੀਆ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਖਰੜ ਵਿਚ ਤਾਇਨਾਤ ਪੁਲਿਸ ਇੰਸਪੈਕਟਰ, ਜੋ ਸਿਵਲ ਕਪੜਿਆਂ ਵਿਚ ਸੀ, ਸੁਰੱਖਿਆ ਘੇਰਾ ਤੋੜਦਾ ਹੋਇਆ ਮੁੱਖ ਮੰਤਰੀ ਦੇ ਬਹੁਤ ਨਜ਼ਦੀਕ ਪੁੱਜ ਗਿਆ ਸੀ। ਇਹ ਪੁਲਿਸ ਅਧਿਕਾਰੀ ਮੁੱਖ ਮੰਤਰੀ ਨਾਲ ਨਜ਼ਦੀਕੀ ਵਿਖਾਉਂਦਾ ਦੇਖਿਆ ਗਿਆ ਹੈ ਅਤੇ ਸੁਰੱਖਿਆ ਵਿਚ ਤਾਇਨਾਤ ਕਿਸੇ ਵੀ ਸੁਰੱਖਿਆ ਮੁਲਾਜ਼ਮ ਨੇ ਸਿਵਲ ਵਰਦੀ ਵਾਲੇ ਪੁਲਿਸ ਅਧਿਕਾਰੀ ਨੂੰ ਅੱਗੇ ਜਾਣ ਤੋਂ ਨਹੀਂ ਰੋਕਿਆ।
ਮੁੱਖ ਮੰਤਰੀ ਦੀ ਨਿੱਜੀ ਗੱਡੀ ਨੂੰ ਕਈ ਵਿਅਕਤੀਆਂ ਵੱਲੋਂ ਹੱਥ ਲਾਉਣ ਦੀਆਂ ਤਸਵੀਰਾਂ ਦੇਖੀਆਂ ਗਈਆਂ ਹਨ। ਖੁਫੀਆ ਅਧਿਕਾਰੀ ਨੇ ਰਿਪਰੋਟ ਵਿਚ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਤਾਇਨਾਤ ਵਿਸ਼ੇਸ਼ ਮੁਲਾਜ਼ਮਾਂ ਤੋਂ ਬਿਨਾਂ ਹੋਰ ਮੁਲਾਜ਼ਮ ਦੇ ਹਥਿਆਰ ਨਾ ਲੈ ਕੇ ਜਾਣ, ਮੁੱਖ ਮੰਤਰੀ ਦੀ ਸੁਰੱਖਿਆ ਦਾ ਘੇਰਾ ਡਬਲ ਤੇ ਮਜ਼ਬੂਤ ਕਰਨ, ਕਿਸੇ ਵੀ ਵਿਅਕਤੀ ਨੂੰ ਸੁਰੱਖਿਆ ਪੈਰਾਮੀਟਰ ਮੁਤਾਬਕ ਸੁਰੱਖਿਆ ਕਵਚ ਵਿਚ ਦਾਖ਼ਲ ਨਾ ਹੋਣ ਦੇਣ ਦੀ ਗੱਲ ਕਹੀ ਹੈ।
ਇੰਸਪੈਕਟਰ ਸੁਖਬੀਰ ਸਿੰਘ ਕੀਤਾ ਮੁਅੱਤਲ
ਜਾਣਕਾਰੀ ਮੁਤਾਬਕ ਐੱਸਐੱਸਪੀ ਮੋਹਾਲੀ ਨੇ ਮੁੱਖ ਮੰਤਰੀ ਦਾ ਸੁਰੱਖਿਆ ਘੇਰਾ ਤੋੜਨ ਦੇ ਮਾਮਲੇ ਵਿਚ ਇੰਸਪੈਕਟਰ ਸੁਖਬੀਰ ਸਿੰਘ ਨੂੰ ਮੁੱਅਤਲ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਉਕਤ ਅਧਿਕਾਰੀ ਮੁੱਖ ਮੰਤਰੀ ਦਾ ਸੁਰੱਖਿਆ ਦੇ ਘੇਰਾ ਤੋੜ ਕੇ ਮੁੱਖ ਮੰਤਰੀ ਦੇ ਕਾਫ਼ੀ ਨਜ਼ਦੀਕ ਪੁੱਜ ਗਿਆ ਸੀ।
ਡਾਕਟਰੀ ਮੁਆਇਨਾ ਕਰਵਾਇਆ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਪੁੱਤਰ ਦੇ ਵਿਆਹ ਦੀ ਪਾਰਟੀ ਵਿਚ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਲਈ ਵੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਹੌਲਦਾਰ ਜਸਕਰਨ ਸਿੰਘ, ਦਰਸ਼ਨ ਸਿੰਘ, ਸੀ-2 ਸਤਬੀਰ ਸਿੰਘ ਉਸ ਥਾਂ ‘ਤੇ ਭੋਜਨ ਕਰਨ ਦੀ ਬਜਾਇ ਮੁੱਖ ਸਮਾਗਮ ਵਿਚ ਸ਼ਰਾਬ ਦੇ ਨਸ਼ੇ ਦੀ ਹਾਲਤ ਵਿਚ ਦਾਖ਼ਲ ਹੋਏ ਸਨ। ਉਨ੍ਹਾਂ ਦਾ ਸਿਵਲ ਹਸਪਤਾਲ ਖਰੜ ਵਿਚ ਡਾਕਟਰੀ ਮੁਆਇਨਾ ਕਰਵਾਇਆ ਗਿਆ ਤੇ ਇਸ ਤੋਂ ਪਤਾ ਲੱਗਾ ਕਿ ਤਿੰਨੋਂ ਜਣੇ ਨਸ਼ੇ ਵਿਚ ਸਨ