ਬਰੈਂਪਟਨ, 12 ਅਕਤੂਬਰ : ਉਨਟਾਰੀਓ ਸੂਬੇ ਵਿੱਚ ਪੈਂਦੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਇੱਕ ਕਮਰਸ਼ੀਅਲ ਪਲਾਜ਼ਾ ਵਿੱਚ ਮੰਗਲਵਾਰ ਵੱਡੇ ਤੜਕੇ ਗੋਲੀਬਾਰੀ ਹੋਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 12 ਵਜ ਕੇ 54 ਮਿੰਟ ‘ਤੇ ਡਿਕਸੀ ਰੋਡ ਤੇ ਪੀਟਰ ਰੌਬਰਟਸਨ ਬੁਲੇਵਾਰਡ ਵਿਖੇ ਗੋਲੀਬਾਰੀ ਹੋਣ ਸਬੰਧੀ ਇਤਲਾਹ ਮਿਲੀ ਸੀ। ਜਦੋਂ ਉਨ੍ਹਾਂ ਨੇ ਮੌਕੇ ‘ਤੇ ਜਾ ਕੇ ਵੇਖਿਆ ਤਾਂ ਉੱਥੇ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ।
ਇਸ ‘ਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਅਜੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਹਮਲਾਵਰਾਂ ਨੂੰ ਫੜਨ ਲਈ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚਕਰਤਾ ਟੀਮ ਦਾ ਕਹਿਣਾ ਹੈ ਕਿ ਸ਼ੱਕੀ ਹਮਲਾਵਰ ਸ਼ਾਇਦ ਇੱਕ ਲਾਲ ਰੰਗ ਦੀ ਕਾਰ ਵਿੱਚ ਫਰਾਰ ਹੋਏ ਹਨ।
ਪੁਲਿਸ ਨੇ ਡਿਕਸੀ ਰੋਡ ‘ਤੇ ਘਟਨਾ ਦੀ ਜਾਂਚ ਕਰਨ ਲਈ ਪੀਟਰ ਰੌਬਰਟਸਨ ਬੁਲੇਵਾਰਡ ਦੀਆਂ ਈਸਟਬੌਂਡ ਲੇਨਜ਼ ਕਈ ਘੰਟੇ ਬੰਦ ਰੱਖੀਆਂ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਵੀ ਵੀਡੀਓ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਤੁਰੰਤ ਜਾਂਚਕਰਤਾ ਟੀਮ ਨਾਲ ਸੰਪਰਕ ਕਰੇ।
ਦੱਸ ਦੇਈਏ ਕਿ ਕੈਨੇਡਾ ਵਿੱਚ ਗੋਲੀਬਾਰੀ ਤੇ ਛੁਰੇਬਾਜ਼ੀ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਮੁੜ ਸੱਤਾ ਵਿੱਚ ਪਰਤੀ ਲਿਬਰਲ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਨੱਥ ਪਾਉਣ ਲਈ ਤੁਰੰਤ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਅਜਿਹੀਆਂ ਘਟਨਾਵਾਂ ਵਿੱਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।