ਅੰਮ੍ਰਿਤਸਰ – ਸਰਕਾਰ ਦੀ ਸਿਹਤ ਬੀਮਾ ਯੋਜਨਾ, ਜੋ ਸੂਬੇ ‘ਚ ਪੂਰੀ ਸਫਲਤਾ ਨਾਲ ਚੱਲ ਰਹੀ ਹੈ, ਵਿਚ 15 ਲੱਖ ਹੋਰ ਪਰਿਵਾਰਾਂ ਨੂੰ ਜੋੜਿਆ ਜਾਵੇਗਾ। ਇਸ ਨਾਲ ਇਸ ਸਕੀਮ ਜਿਸ ਤਹਿਤ 5 ਲੱਖ ਰੁਪਏ ਸਾਲਾਨਾ ਦਾ ਮੁਫ਼ਤ ਇਲਾਜ ਦਿੱਤਾ ਗਿਆ ਹੈ, ਤੋਂ ਵਾਂਝੇ ਰਹਿ ਗਏ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਮਿਲ ਸਕੇਗਾ। ਇਹ ਜਾਣਕਾਰੀ ਉਪ ਮੁੱਖ ਮੰਤਰੀ ਓ. ਪੀ. ਸੋਨੀ, ਜਿਨ੍ਹਾਂ ਕੋਲ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਵੀ ਹੈ, ਨੇ ਆਈ. ਐੱਮ. ਏ. ਦੇ ਵਫਦ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਸਮਾਜ ਦੀ ਸਿੱਖਿਆ ਅਤੇ ਸਿਹਤ ‘ਤੇ ਕੇਂਦ੍ਰਿਤ ਹੈ ਅਤੇ ਇਸ ‘ਚ ਵੱਡੇ ਸੁਧਾਰ ਕੀਤੇ ਗਏ ਹਨ। ਉਨ੍ਹਾਂ ਮਿਲਣ ਆਏ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਰੱਬ ਦਾ ਦੂਸਰਾ ਰੂਪ ਮੰਨੇ ਗਏ ਹਨ, ਸੋ ਤੁਹਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਬੀਮਾ ਰਾਸ਼ੀ ਵੇਖ ਕੇ ਨਹੀਂ, ਬਲਕਿ ਉਸ ਦੀ ਬੀਮਾਰੀ ਨੂੰ ਧਿਆਨ ‘ਚ ਰੱਖ ਕੇ ਇਲਾਜ ਕਰੋ।
ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਸਹੂਲਤ ਲਈ ਪੈਸੇ ਦੇ ਸਕਦੀ ਹੈ ਪਰ ਇਸ ਲਈ ਕੰਮ ਤਹਾਡੇ ਵਰਗੇ ਡਾਕਟਰਾਂ ਤੇ ਸਿਹਤ ਅਮਲੇ ਨੇ ਹੀ ਕਰਨਾ ਹੈ, ਸੋ ਤੁਸੀਂ ਇਸ ਨੂੰ ਆਪਣੀ ਜ਼ਿਮੇਵਾਰੀ ਸਮਝ ਕੇ ਨੇਕ ਨੀਅਤ ਨਾਲ ਕਰੋ। ਸੋਨੀ ਨੇ ਕਿਹਾ ਕਿ ਬੀਮਾ ਕੰਪਨੀ ਦੀ ਤਬਦੀਲੀ ਕਾਰਨ ਹਸਪਤਾਲਾਂ ਨੂੰ ਕੁਝ ਸਮੱਸਿਆ ਆਈ ਹੈ, ਜਿਸ ਦਾ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿਚ ਜਿਸ ਤਰ੍ਹਾਂ ਨਿੱਜੀ ਹਸਪਤਾਲਾਂ ਨੇ ਸਰਕਾਰ ਦਾ ਸਾਥ ਦਿੱਤਾ ਹੈ, ਉਸੇ ਤਰ੍ਹਾਂ ਕੰਮ ਕਰਦੇ ਰਹਿਣ ਦੀ ਲੋੜ ਹੈ। ਇਸ ਮੌਕੇ ਸਿਹਤ ਵਿਭਾਗ ਦੇ ਸਕੱਤਰ ਵਿਕਾਸ ਗਰਗ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਹਾਜ਼ਰ ਸਨ।