ਦੁਬਈ ਰਹਿੰਦੀ ਪੰਜਾਬਣ ਦੀ ਲੱਗੀ 10 ਲੱਖ ਡਾਲਰ ਦੀ ਲਾਟਰੀ
ਦੁਬਈ : ਦੁਬਈ ਰਹਿੰਦੀ ਪੰਜਾਬਣ ਦੀ ਵਿਦੇਸ਼ ਦੀ ਧਰਤੀ ‘ਤੇ ਅਜਿਹੀ ਕਿਸਮਤ ਖੁੱਲ੍ਹੀ ਕਿ ਉਹ ਕਰੋੜਾਂ ਦੀ ਮਾਲਕ ਬਣ ਗਈ। ਦਰਅਸਲ ਪੰਜਾਬੀ ਔਰਤ ਦੀ 10 ਲੱਖ ਡਾਲਰ ਯਾਨੀ 8.3 ਕਰੋੜ ਰੁਪਏ ਦੀ ਲਾਟਰੀ ਲੱਗ ਗਈ। ਵਿਆਹ ਦੀ 16ਵੀਂ ਵਰ੍ਹੇਗੰਢ ਮੌਕੇ ਉਸ ਨੂੰ ਆਪਣੇ ਪਤੀ ਤੋਂ ਨਕਦ 1000 ਦਿਰਹਮ ਦਾ ਤੋਹਫ਼ਾ ਮਿਲਿਆ ਸੀ। ਉਸ ਨੇ ਇਹ ਪੈਸੇ 16 ਮਈ ਨੂੰ ਇੱਕ ‘ਰਾਫ਼ਲ ਡਰਾਅ ਟਿਕਟ’ ਖਰੀਦਣ ਲਈ ਵਰਤ ਦਿੱਤੇ ਜਿਨ੍ਹਾਂ ਨੇ ਉਸ ਦੀ ਕਿਸਮਤ ਹੀ ਪਲਟ ਕੇ ਰੱਖ ਦਿੱਤੀ, ਉਸ ਨੂੰ 10 ਲੱਖ ਡਾਲਰ ਦੀ ਲਾਟਰੀ ਲੱਗ ਗਈ।
42 ਸਾਲਾਂ ਪਾਇਲ 12 ਸਾਲ ਪਹਿਲਾਂ ਪੰਜਾਬ ਤੋਂ ਦੁਬਈ ਗਈ ਸੀ। ‘ਖਲੀਜ ਟਾਈਮਜ਼’ ’ਚ ਪਾਇਲ ਨੇ ਦੱਸਿਆ ਉਸ ਦੇ ਪਤੀ ਨੇ 20 ਅਪ੍ਰੈਲ ਨੂੰ ਉਨ੍ਹਾਂ ਦੀ ਵਰ੍ਹੇਗੰਢ ‘ਤੇ ਤੋਹਫੇ ਵਜੋਂ ਪੈਸੇ ਦਿੱਤੇ ਸਨ, ਜੋ ਉਸ ਨੇ ਲਾਟਰੀ ਵੇਚਣ ਲਈ ਵਰਤੇ ਸਨ। ਉਸ ਨੇ ਅੱਗੇ ਕਿਹਾ, ‘‘ਇਸ ਪੈਸੇ ਨਾਲ ਮੈਂ ਆਨਲਾਈਨ ਡੀ.ਡੀ.ਐਫ. ਟਿਕਟ ਖਰੀਦੀ, ਜਿਸ ਵਿਚ ਸੱਭ ਤੋਂ ਵੱਧ 3 ਨੰਬਰਾਂ ਵਾਲੀ ਟਿਕਟ ਚੁਣੀ।’’
ਪਾਇਲ ਨੇ ਕਿਹਾ ਕਿ ਉਸ ਦਾ ਮਨਪਸੰਦ ਨੰਬਰ ਤਿੰਨ ਹੈ ਅਤੇ ਉਹ ਪਿਛਲੇ ਬਾਰਾਂ ਸਾਲਾਂ ਤੋਂ ਡੀ.ਡੀ.ਐਫ. ਟਿਕਟਾਂ ਖਰੀਦ ਰਹੀ ਹੈ। ਉਸ ਨੇ ਕਿਹਾ, ‘‘ਜਦੋਂ ਵੀ ਮੈਂ ਕਿਤੇ ਘੁੰਮਣ ਜਾਂਦੀ ਤਾਂ ਮੈਂ ਹਵਾਈ ਅੱਡੇ ’ਤੇ ਹਰ ਸਾਲ ਇਕ ਜਾਂ ਦੋ ਵਾਰ ਡੀ.ਡੀ.ਐਫ. ਖਰੀਦਦੀ ਸੀ, ਪਰ ਇਸ ਵਾਰੀ ਮੈਂ ਪਹਿਲੀ ਵਾਰ ਲਾਟਰੀ ਦੀ ਟਿਕਟ ਆਨਲਾਈਨ ਖ਼ਰੀਦੀ। ਮੇਰੇ ਪਤੀ ਦੇ ਨਕਦ ਤੋਹਫ਼ੇ ਨੇ ਸਾਨੂੰ ਕਰੋੜਪਤੀ ਬਣਾ ਦਿਤਾ।’’ ਉਸ ਨੇ ਕਿਹਾ ਕਿ ਜਦੋਂ ਉਸ ਨੂੰ ਲਾਟਰੀ ਜਿੱਤਣ ਦੀ ਖਬਰ ਮਿਲੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਜਿੱਤ ਦੀ ਖ਼ਬਰ ਸੱਭ ਤੋਂ ਪਹਿਲੀ ਅਪਣੀ ਸੱਸ ਨੂੰ ਸੁਣਾਈ ਜੋ ਉਸ ਸਮੇਂ ਘਰ ਹੀ ਸੀ।
ਇਹ ਪੁੱਛੇ ਜਾਣ ’ਤੇ ਕਿ ਉਹ ਪੈਸੇ ਕਿਵੇਂ ਖਰਚ ਕਰਨ ਦੀ ਯੋਜਨਾ ਬਣਾ ਰਹੀ ਹੈ, ਉਸ ਨੇ ਕਿਹਾ ਕਿ ਉਹ ਇਸ ਨੂੰ ਆਪਣੇ ਬੱਚਿਆਂ ਦੇ ਭਵਿੱਖ ਵਿਚ ਸੁਰੱਖਿਅਤ ਕਰਾਂਗੀ। ਦੁਬਈ ਡਿਊਟੀ ਫ੍ਰੀ ਦੀ ਵੈੱਬਸਾਈਟ ਮੁਤਾਬਕ ਦੁਬਈ ਡਿਊਟੀ ਫ੍ਰੀ ਨਾਲ 10 ਲੱਖ ਅਮਰੀਕੀ ਡਾਲਰ ਜਿੱਤਣ ਦਾ 5,000 ’ਚੋਂ ਸਿਰਫ ਇਕ ਮੌਕਾ ਹੈ। ਹੁਣ ਤਕ ਸਿਰਫ਼ 8 ਖੁਸ਼ਕਿਸਮਤ ਲੋਕਾਂ ਨੇ ਦੋ ਵਾਰ ਇਹ ਲਾਟਰੀ ਜਿੱਤੀ ਹੈ।