ਭਾਰਤ ‘ਚ ‘ਸੋਨੇ ਦੀ ਤਸਕਰੀ’ ਕਰਦੀ ਫੜ੍ਹੀ ਗਈ ਅਫ਼ਗ਼ਾਨ ਡਿਪਲੋਮੈਟ, ਦੋਸ਼ਾਂ ਤੋਂ ਬਾਅਦ ਦਿੱਤਾ ਅਸਤੀਫਾ
ਮੁੰਬਈ: ਮੁੰਬਈ ਵਿੱਚ ਅਫਗਾਨਿਸਤਾਨ ਕੌਂਸਲੇਟ ਦੀ ਕੌਂਸਲੇਟ ਜਨਰਲ ਜ਼ਕੀਆ ਵਾਰਦਕ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਨਿੱਜੀ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਹੈ। ਅਸਲ ‘ਚ ਜਨਰਲ ਜ਼ਕੀਆ ਵਾਰਦਕ ‘ਤੇ ਕਥਿਤ ਤੌਰ ‘ਤੇ ਦੁਬਈ ਤੋਂ ਭਾਰਤ ‘ਚ 25 ਕਿਲੋ ਸੋਨਾ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਇਹ ਸੋਨਾ ਭਾਰਤੀ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਮੁੰਬਈ ਹਵਾਈ ਅੱਡੇ ‘ਤੇ ਜ਼ਬਤ ਕੀਤਾ ਸੀ। ਇਸ ਦੀ ਕੀਮਤ ਕਰੀਬ 18 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਸੋਨੇ ਦੀ ਤਸਕਰੀ ਮਾਮਲੇ ਵਿੱਚ ਡੀਆਰਆਈ ਦੇ ਬਿਆਨ ਦੇ ਬਾਵਜੂਦ ਭਾਰਤੀ ਪੁਲਿਸ ਜ਼ਕੀਆ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਇਸ ਦਾ ਕਾਰਨ ਇਹ ਹੈ ਕਿ ਵਿਦੇਸ਼ੀ ਡਿਪਲੋਮੈਟ ਹੋਣ ਕਾਰਨ ਜ਼ਕੀਆ ਨੂੰ ਡਿਪਲੋਮੈਟਿਕ ਸੁਰੱਖਿਆ ਮਿਲੀ ਹੋਈ ਹੈ। ਇਸ ਲਈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਨਿਯਮਾਂ ਮੁਤਾਬਕ ਪੁਲਿਸ ਕਿਸੇ ਹੋਰ ਦੇਸ਼ ਦੇ ਡਿਪਲੋਮੈਟ ਨੂੰ ਗ੍ਰਿਫ਼ਤਾਰ ਨਹੀਂ ਕਰੇਗੀ। ਸਗੋਂ ਸਬੰਧਤ ਦੇਸ਼ ਤੋਂ ਨੈਤਿਕ ਤੌਰ ’ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਆਸ ਕੀਤੀ ਜਾਂਦੀ ਹੈ।
ਜ਼ਕੀਆ ਨੇ ਅਸਤੀਫੇ ਦਾ ਕਾਰਨ ਦੱਸਿਆ
ਜ਼ਕੀਆ ਨੇ ਆਪਣੇ ਅਸਤੀਫੇ ਦੇ ਕਾਰਨਾਂ ਦਾ ਵੀ ਜ਼ਿਕਰ ਕੀਤਾ ਹੈ। ਉਸ ਨੇ ਕਿਹਾ ਹੈ ਕਿ ਪਿਛਲੇ ਸਾਲ ਤੋਂ ਉਸ ‘ਤੇ ਅਤੇ ਉਸ ਦੇ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ‘ਤੇ ਨਿੱਜੀ ਹਮਲੇ ਕੀਤੇ ਜਾ ਰਹੇ ਹਨ। ਇਸ ਦਾ ਉਨ੍ਹਾਂ ‘ਤੇ ਅਸਰ ਪੈ ਰਿਹਾ ਹੈ। ਇਨ੍ਹਾਂ ਦੋਸ਼ਾਂ ਤੋਂ ਬਾਅਦ ਉਸ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ‘ਚ ਦਿੱਕਤ ਆ ਰਹੀ ਹੈ। ਜ਼ਕੀਆ ਨੇ ਕਿਹਾ ਕਿ ਉਸ ‘ਤੇ ਲੱਗੇ ਦੋਸ਼ਾਂ ਨੇ ਉਸ ਨੂੰ ਹੈਰਾਨ ਨਹੀਂ ਕੀਤਾ, ਕਿਉਂਕਿ ਉਹ ਜਨਤਕ ਜੀਵਨ ਵਿਚ ਅਜਿਹੇ ਹਮਲਿਆਂ ਲਈ ਪਹਿਲਾਂ ਹੀ ਤਿਆਰ ਸੀ।
ਜ਼ਕੀਆ ਦਾ ਕਹਿਣਾ ਹੈ ਕਿ ਅਜਿਹੇ ਦੋਸ਼ ਲਗਾ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਕੀਆ ਨੇ ਕਿਹਾ ਕਿ ਉਸ ਨੇ ਆਪਣੇ ਦੇਸ਼ ਦੀ ਸੇਵਾ ਕੀਤੀ ਅਤੇ ਸਕਾਰਾਤਮਕ ਬਦਲਾਅ ਲਿਆਉਣ ਲਈ ਕੰਮ ਕੀਤਾ ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਔਖਾ ਫੈਸਲਾ ਲਿਆ ਹੈ। ਫਿਲਹਾਲ ਅਫਗਾਨਿਸਤਾਨ ਸਰਕਾਰ ਵਲੋਂ ਇਸ ਸਬੰਧ ਵਿਚ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।