ਪਿਕਰਿੰਗ: ਉਨਟਾਰੀਓ ਦੇ ਇਕ ਕੈਸੀਨੋ ਵਿਚ ਗੋਲੀਬਾਰੀ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਬਰੈਂਪਟਨ ਵਿਖੇ ਐਤਵਾਰ ਨੂੰ ਗੋਲੀਬਾਰੀ ਕਰਨ ਵਾਲਾ ਪੁਲਿਸ ਨੇ ਕਾਬੂ ਕਰ ਲਿਆ। ਡਰਹਮ ਰੀਜਨਲ ਪੁਲਿਸ ਨੇ ਕਿਹਾ ਕਿ ਪਿਕਰਿੰਗ ਦੇ ਕੈਸੀਨੋ ਵਿਚ 34 ਸਾਲ ਦੇ ਸੁਰੱਖਿਆ ਗਾਰਡ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ।
ਪੁਲਿਸ ਨੇ ਦੱਸਿਆ ਕਿ ਸੁਰੱਖਿਆ ਗਾਰਡ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਹ ਦਮ ਤੋੜ ਗਿਆ। ਪੁਲਿਸ ਮੁਤਾਬਕ ਹਮਲਾਵਰਾਂ ਦੀ ਗਿਣਤੀ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਮੌਕੇ ’ਤੇ ਮੌਜੂਦ ਲੋਕਾਂ ਨੇ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰਤ ਸੰਪਰਕ ਕਰੇ
ਉਧਰ ਬਰੈਂਪਟਨ ਦੇ ਮੇਅਫੀਲਡ ਰੋਡਦੇ ਦੱਖਣ ਵੱਲ ਮਿਸੀਸਾਗਾ ਰੋਡ ’ਤੇ ਹੋਈ ਗੋਲੀਬਾਰੀ ਮਗਰੋਂ ਇਕ ਸ਼ਖਸ ਨੂੰ ਗੰਭੀਰ ਹਾਲਤ ਵਿਚ ਟਰੌਮਾ ਸੈਂਟਰ ਲਿਜਾਇਆ ਗਿਆ ਜਿਸ ਦੀ ਉਮਰ ਬਾਰੇ ਫਿਲਹਾਲ ਕੋਈ ਖੁਲਾਸਾ ਨਹੀਂ ਹੋ ਸਕਿਆ। ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਇਕ ਗ੍ਰਿਫ਼ਤਾਰੀ ਕੀਤੀ ਗਈ ਹੈ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਗੋਲੀਬਾਰੀ ਦੀ ਇਹ ਵਾਰਦਾਤ ਲੋਕ ਸੁਰੱਖਿਆ ਵਾਸਤੇ ਖਤਰਾ ਪੈਦਾ ਨਹੀਂ ਕਰਦੀ।