ਹਰਮਨਪ੍ਰੀਤ ਕੌਰ ਨੇ ਬੰਗਲਾਦੇਸ਼ ਖਿਲਾਫ ਤੀਜੇ ਅਤੇ ਆਖਰੀ ਵਨਡੇ ਮੈਚ ‘ਚ ਆਊਟ ਹੋਣ ਤੋਂ ਬਾਅਦ ਗੁੱਸੇ ‘ਚ ਸਟੰਪ ‘ਤੇ ਬੈਟ ਮਾਰਿਆ ਸੀ। ਉਨ੍ਹਾਂ ਨੂੰ ਖੇਡਾਂ ਦੇ ਸਮਾਨ ਨੂੰ ਨੁਕਸਾਨ ਪਹੁੰਚਾਉਣ ਅਤੇ ਅੰਪਾਇਰਾਂ ਦੀ ਆਲੋਚਨਾ ਕਰਨ ਲਈ ਦੋ ਮੈਚਾਂ ਦੀ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ। ਇਸ ਸਜ਼ਾ ਤੋਂ ਬਾਅਦ ਇਹ ਤੈਅ ਹੋ ਗਿਆ ਹੈ ਕਿ ਉਹ ਏਸ਼ੀਆਈ ਖੇਡਾਂ ਦੇ ਸ਼ੁਰੂਆਤੀ ਮੈਚਾਂ ‘ਚ ਨਹੀਂ ਖੇਡ ਸਕੇਗੀ।
ਹਰਮਨਪ੍ਰੀਤ ਕੌਰ ਨੂੰ ਮੈਚ ਦੌਰਾਨ ਬੰਗਲਾਦੇਸ਼ ਦੀ ਗੇਂਦਬਾਜ਼ ਨਾਹਿਦਾ ਅਖ਼ਤਰ ਨੇ ਐਲਬੀਡਬਲਯੂ ਕਰਾਰ ਦਿੱਤਾ ਸੀ ਪਰ ਉਨ੍ਹਾਂ ਦਾਅਵਾ ਕੀਤਾ ਕਿ ਗੇਂਦ ਉਸ ਦੇ ਬੱਲੇ ਦੇ ਹੇਠਲੇ ਹਿੱਸੇ ਵਿੱਚ ਲੱਗੀ ਸੀ। ਫੀਲਡ ਅੰਪਾਇਰ ਦੁਆਰਾ ਆਊਟ ਐਲਾਨੇ ਜਾਣ ਤੋਂ ਬਾਅਦ ਜਦੋਂ ਉਹ ਪੈਵੇਲੀਅਨ ਪਰਤ ਰਹੀ ਸੀ ਤਾਂ ਉਨ੍ਹਾਂ ਆਪਣਾ ਗੁੱਸਾ ਸਟੰਪ ‘ਤੇ ਕੱਢਿਆ। ਉਨ੍ਹਾਂ ਅੰਪਾਇਰ ਪ੍ਰਤੀ ਆਪਣਾ ਗੁੱਸਾ ਖੁੱਲ੍ਹ ਕੇ ਜ਼ਾਹਰ ਕੀਤਾ।
ਹਰਮਨਪ੍ਰੀਤ ਕੌਰ ਨੇ ਆਊਟ ਹੋਣ ਤੋਂ ਬਾਅਦ ਨਾ ਸਿਰਫ ਹੰਗਾਮਾ ਕੀਤਾ, ਸਗੋਂ ਬਾਅਦ ‘ਚ ਜਦੋਂ ਐਵਾਰਡ ਸਮਾਰੋਹ ਦੌਰਾਨ ਫੋਟੋ ਸੈਸ਼ਨ ਚੱਲ ਰਿਹਾ ਸੀ ਤਾਂ ਅੰਪਾਇਰਾਂ ਦੀ ਆਲੋਚਨਾ ਕੀਤੀ। ਅੰਪਾਇਰ ਦਾ ਅਪਮਾਨ ਕਰਦੇ ਹੋਏ ਭਾਰਤੀ ਕਪਤਾਨ ਨੇ ਬੰਗਲਾਦੇਸ਼ ਦੇ ਕਪਤਾਨ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਅੰਪਾਇਰਾਂ ਨੂੰ ਦੋਵਾਂ ਟੀਮਾਂ ਦੇ ਨਾਲ ਟਰਾਫੀ ਸਮਾਰੋਹ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਕਿਉਂਕਿ ਅੰਪਾਇਰ ਦੇ ਫੈਸਲੇ ਕਾਰਨ ਹੀ ਮੈਚ ਦਾ ਨਤੀਜਾ ਬਦਲਿਆ ਹੈ।