ਗੋਮਾ- ਕਾਂਗੋ ਵਿਚ ਆਪਣੇ ਗੈਰਹਾਜ਼ਰੀ ਵਿਚ ਬੇਟੇ ਨੂੰ ਦਫਨਾਏ ਜਾਣ ਤੋਂ ਗੁੱਸੇ ਵਿਚ ਆਏ ਇਕ ਕਾਂਗੋਲੀਜ਼ ਸਿਪਾਹੀ ਨੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਉਤੇ ਗੋਲੀਆਂ ਚਲਾ ਦਿਤੀਆਂ, ਜਿਸ ਵਿਚ 10 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਇਹ ਘਟਨਾ ਇਟੂਰੀ ਸੂਬੇ ਵਿਚ ਵਾਪਰੀ। ਸੂਬੇ ‘ਚ ਫੌਜ ਦੇ ਬੁਲਾਰੇ ਲੈਫਟੀਨੈਂਟ ਜੂਲੇਸ ਨਗੋਂਗੋ ਨੇ ਦਸਿਆ ਕਿ ਸ਼ਨੀਵਾਰ ਰਾਤ ਨੂੰ ਹੋਈ ਇਸ ਘਟਨਾ ‘ਚ ਫੌਜੀ ਦੀ ਪਤਨੀ, ਦੋ ਬੱਚੇ ਅਤੇ ਸਹੁਰੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਹੋਰ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਧਿਕਾਰੀਆਂ ਨੇ ਦਸਿਆ ਕਿ ਫੌਜੀ ਦੀ ਪਛਾਣ ਨਹੀਂ ਹੋ ਸਕੀ ਹੈ।
ਸਥਾਨਕ ਪਿੰਡ ਦੇ ਮੁਖੀ ਬਰਾਕਾ ਮੁਗਾਵਾ ਨੇ ਦਸਿਆ ਕਿ ਸਿਪਾਹੀ ਸੂਬੇ ਦੇ ਕਿਸੇ ਹੋਰ ਪਿੰਡ ਵਿੱਚ ਤਾਇਨਾਤ ਸੀ। ਉਸ ਨੇ ਦਸਿਆ ਕਿ ਵੀਰਵਾਰ ਨੂੰ ਉਸ ਦੇ ਲੜਕੇ ਦੀ ਮੌਤ ਹੋ ਗਈ ਸੀ। ਉਹ ਆਪਣੇ ਬੇਟੇ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਘਰ ਆਇਆ ਸੀ। ਆਪਣੀ ਗੈਰ-ਮੌਜੂਦਗੀ ‘ਚ ਪੁੱਤਰ ਦੀ ਲਾਸ਼ ਨੂੰ ਦਫਨਾਉਣ ਕਾਰਨ ਗੁੱਸੇ ‘ਚ ਆਏ ਫੌਜੀ ਨੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਲੋਕਾਂ ‘ਤੇ ਗੋਲੀਆਂ ਚਲਾ ਦਿਤੀਆਂ, ਜਿਸ ‘ਚ 10 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ।