ਨਵੀਂ ਦਿੱਲੀ (ਪੀਟੀਆਈ) : ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਕੁਝ ਸ਼ਰਤਾਂ ਨਾਲ ਗੋ ਫਸਟ ਨੂੰ ਸੰਚਾਲਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੀਵਾਲੀਆਂ ਪ੍ਰਕਿਰਿਆ ‘ਚੋਂ ਲੰਘ ਰਹੀ ਬਜਟ ਜਹਾਜ਼ਰਾਣੀ ਕੰਪਨੀ ਨੇ ਤਿੰਨ ਮਈ ਤੋਂ ਉਡਾਣਾਂ ਬੰਦ ਕੀਤੀਆਂ ਹੋਈਆਂ ਹਨ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਨੇ ਇਕ ਬਿਆਨ ‘ਚ ਕਿਹਾ ਕਿ 15 ਜਹਾਜ਼ਾਂ ਤੇ 114 ਰੋਜ਼ਾਨਾ ਦੀਆਂ ਉਡਾਣਾਂ ਦੇ ਸੰਚਾਲਨ ਵਾਲੀ ਏਅਰਲਾਈਨ ਦੀ ਦੁਬਾਰਾ ਬਹਾਲੀ ਯੋਜਨਾ ਦੀ ਸਮੀਖਿਆ ਕੀਤੀ ਗਈ ਤੇ ਇਸ ਨੂੰ ਸਵੀਕਾਰ ਕਰ ਲਿਆ ਗਿਆ ਹੈ।
ਹਾਲਾਂਕਿ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਹੋਣਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਦਿੱਲੀ ਹਾਈ ਕੋਰਟ ’ਚ ਇਸ ਸਬੰਧ ’ਚ ਲਟਕ ਰਹੀਆਂ ਪਟੀਸ਼ਨਾਂ ਤੇ ਐੱਨਸੀਐੱਲਟੀ ’ਚ ਕੰਪਨੀ ਦੇ ਖਿਲਾਫ ਅਰਜ਼ੀਆਂ ’ਤੇ ਕੀ ਫੈਸਲਾ ਆਉਂਦਾ ਹੈ।
ਰੈਗੂਲੇਟਰੀ ਨੇ ਗੋ ਫਸਟ ਨੂੰ ਸਾਰੇ ਲਾਗੂ ਮਾਪਦੰਡਾਂ ਦੀ ਪਾਲਣਾ ਯਕੀਨੀ ਕਰਨ ਤੇ ਸੰਚਾਲਨ ’ਚ ਲੱਗੇ ਜਹਾਜ਼ਾਂ ਦਾ ਨਿਯਮਤ ਰੱਖ-ਰਖਾਅ ਕਰਨ ਦਾ ਹੁਕਮ ਦਿੱਤਾ ਹੈ। ਜਹਾਜ਼ਰਾਣੀ ਕੰਪਨੀ ਦੇ ਹੱਲ ਪੇਸ਼ੇਵਰ ਨੇ 28 ਜੂਨ ਨੂੰ ਡੀਜੀਸੀਏ ਨੂੰ ਮੁੜ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਸੌਂਪੀ ਸੀ। ਇਸ ਤੋਂ ਬਾਅਦ ਰੈਗੂਲੇਟਰੀ ਨੇ ਕੰਪਨੀ ਦੇ ਮੁੰਬਈ ਤੇ ਦਿੱਲੀ ਸਥਿਤ ਦਫਤਰਾਂ ਦਾ ਇਕ ਖਾਸ ਆਡਿਟ ਕੀਤਾ ਸੀ।