United Opposition Meet: ਬੈਂਗਲੁਰੂ ‘ਚ ਵਿਰੋਧੀ ਧਿਰ ਦੀ ਸਾਂਝੀ ਬੈਠਕ ਦੇ ਦੂਜੇ ਦਿਨ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਨੇ ਗਠਜੋੜ ਦਾ ਨਾਂ INDIA ਰੱਖਿਆ ਹੈ। ਮਤਲਬ 2024 ਦੀਆਂ ਆਮ ਚੋਣਾਂ NDA ਬਨਾਮ ਭਾਰਤ ਹੋਣਗੀਆਂ। ਵਿਰੋਧੀ ਧਿਰ ਵੱਲੋਂ ਇੰਡੀਆ ਦਾ ਪੂਰਾ ਨਾਮ I – Indian N – National D – Democractic I – Inclusive A – Alliance ਦੱਸਿਆ ਗਿਆ ਹੈ।
ਮੀਟਿੰਗ ਵਿੱਚ ਮੌਜੂਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਆਗੂ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਇੱਕ ਚੰਗੀ, ਸਾਰਥਕ ਮੀਟਿੰਗ ਸੀ। ਉਸਾਰੂ ਫੈਸਲੇ ਲਏ ਜਾਣਗੇ… ਅੱਜ ਅਸੀਂ ਜੋ ਚਰਚਾ ਕੀਤੀ, ਉਸ ਤੋਂ ਬਾਅਦ ਨਤੀਜਾ ਇਸ ਦੇਸ਼ ਦੇ ਲੋਕਾਂ ਲਈ ਚੰਗਾ ਹੋ ਸਕਦਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੀਐਮ ਮੋਦੀ ਨੂੰ ਪਿਛਲੇ 10 ਸਾਲਾਂ ਤੋਂ ਦੇਸ਼ ‘ਤੇ ਰਾਜ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਦੇਸ਼ ਦੇ ਲਗਭਗ ਹਰ ਖੇਤਰ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਉਸ ਨੇ ਲੋਕਾਂ ਵਿੱਚ ਨਫ਼ਰਤ ਪੈਦਾ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਡਾਵਾਂਡੋਲ ਹੈ, ਇੰਨੀ ਮਹਿੰਗਾਈ ਹੈ, ਹਰ ਖੇਤਰ ‘ਚ ਇੰਨੀ ਬੇਰੋਜ਼ਗਾਰੀ ਹੈ। ਹੁਣ ਮੈਂ ਸੋਚਦਾ ਹਾਂ, ਸਮਾਂ ਆ ਗਿਆ ਹੈ ਕਿ ਇਸ ਦੇਸ਼ ਦੇ ਲੋਕ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਇਸ ਲਈ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ।
ਬੈਠਕ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ- ਸਾਨੂੰ ਪਤਾ ਹੈ ਕਿ ਸੂਬਾ ਪੱਧਰ ‘ਤੇ ਸਾਡੇ ‘ਚੋਂ ਕੁਝ ਲੋਕਾਂ ‘ਚ ਮਤਭੇਦ ਹਨ। ਖੜਗੇ ਨੇ ਕਿਹਾ ਕਿ ਇਹ ਮਤਭੇਦ ਵਿਚਾਰਧਾਰਕ ਨਹੀਂ ਹਨ। ਇਹ ਮਤਭੇਦ ਇੰਨੇ ਵੱਡੇ ਵੀ ਨਹੀਂ ਹਨ ਕਿ ਅਸੀਂ ਆਮ ਆਦਮੀ ਅਤੇ ਮੱਧ ਵਰਗ, ਨੌਜਵਾਨਾਂ, ਗਰੀਬਾਂ, ਦਲਿਤਾਂ, ਆਦਿਵਾਸੀਆਂ ਅਤੇ ਘੱਟ-ਗਿਣਤੀਆਂ ਦੇ ਹਿੱਤਾਂ ਲਈ ਇਨ੍ਹਾਂ ਨੂੰ ਆਪਣੇ ਪਿੱਛੇ ਨਾ ਰੱਖ ਸਕਦੇ, ਜਿਨ੍ਹਾਂ ਦੇ ਹੱਕਾਂ ਨੂੰ ਪਰਦੇ ਦੇ ਪਿੱਛੇ ਚੁੱਪਚਾਪ ਕੁਚਲਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਐਨਸੀਪੀ ਮੁਖੀ ਸ਼ਰਦ ਪਵਾਰ ਪਹਿਲੇ ਦਿਨ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਏ। ਦੂਜੇ ਦਿਨ ਦੀ ਬੈਠਕ ‘ਚ ਸ਼ਾਮਲ ਹੋਣ ਲਈ ਸ਼ਰਦ ਪਵਾਰ ਮੰਗਲਵਾਰ ਸਵੇਰੇ ਮੁੰਬਈ ਤੋਂ ਬੈਂਗਲੁਰੂ ਪਹੁੰਚੇ। ਦੂਜੇ ਦਿਨ ਬੈਠਕ ‘ਚ ਸ਼ਰਦ ਪਵਾਰ ਤੋਂ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ, ਤੇਜਸਵੀ ਯਾਦਵ, ਐਨਸੀਪੀ ਮੁਖੀ ਸ਼ਰਦ ਪਵਾਰ ਸਮੇਤ 26 ਪਾਰਟੀਆਂ ਦੇ ਆਗੂ ਮੌਜੂਦ ਹਨ।