ਰਵੀ, ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੰਚਾਇਤ, ਸਿੱਖਿਆ, ਸਥਾਨਕ ਸਰਕਾਰ, ਸਿੰਚਾਈ, ਲੋਕ ਨਿਰਮਾਣ ਤੇ ਜਾਂ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਕਰ ਕੇ ਇਹ ਯਕੀਨੀ ਬਣਾਉਣਗੇ ਕਿ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਬੱਚਿਆਂ ਦੀ ਸੁਰੱਖਿਆ ਪੱਖੋਂ ਖ਼ਤਰੇ ਤੋਂ ਰਹਿਤ ਹਨ।
ਸਾਰੇ ਸਕੂਲਾਂ ਦੇ ਮੁਖੀ ਤੇ ਪ੍ਰਬੰਧਕ ਕਮੇਟੀਆਂ ਨੂੰ ਵੀ ਹਦਾਇਤਾਂ ਹਨ ਕਿ ਉਹ ਆਪਣੇ ਪੱਧਰ ‘ਤੇ ਅੱਜ ਹੀ ਇਹ ਯਕੀਨੀ ਬਣਾਉਣ ਕਿ ਸਕੂਲ ਇਮਾਰਤਾਂ ਵਿਦਿਆਰਥੀਆਂ ਵਾਸਤੇ ਸੁਰੱਖਿਅਤ ਹਨ। ਵਿਦਿਆਰਥੀਆਂ ਦੀ ਹਰ ਕਿਸਮ ਦੀ ਸੁਰੱਖਿਆ ਬਾਰੇ ਸਕੂਲ ਮੁਖੀ ਤੇ ਪ੍ਰਬੰਧਕ ਕਮੇਟੀਆਂ ਹੀ ਜ਼ਿੰਮੇਵਾਰ ਹੋਣਗੀਆਂ।
ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਜੇਕਰ ਕਿਸੇ ਸਕੂਲ ਜਾਂ ਇਲਾਕੇ ‘ਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ ਸਕੂਲ ਦੀ ਇਮਾਰਤ ਨੁਕਸਾਨੀ ਗਈ ਹੋਵੇ ਤਾਂ ਸਿਰਫ ਉਨ੍ਹਾਂ ਹੀ ਸਕੂਲਾਂ ‘ਚ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੀ ਉੱਥੇ ਛੁੱਟੀ ਦਾ ਐਲਾਨ ਕਰਨਗੇ। ਬੀਤੇ ਦਿਨਾਂ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਸਾਰੇ ਵਿੱਦਿਅਕ ਅਦਾਰੇ 16 ਜੁਲਾਈ ਤਕ ਬੰਦ ਕੀਤੇ ਗਏ ਸਨ । ਸੂਬੇ ‘ਚ ਪੈ ਰਹੀ ਭਾਰੀ ਬਾਰਿਸ਼ ਤੇ ਮੀਂਹ ਕਾਰਨ ਪਹਿਲਾਂ 13 ਜੁਲਾਈ ਤਕ ਸਮੂਹ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਪੰਜਾਬ ਵਿੱਚ ਬਣੇ ਹੜ੍ਹਾਂ ਵਰਗੇ ਹਾਲਾਤ ਕਾਰਨ ਸਕੂਲਾਂ ਦੀਆਂ ਛੁੱਟੀਆਂ ‘ਚ ਵਾਧਾ 16 ਜੁਲਾਈ ਤਕ ਕਰ ਦਿੱਤਾ ਗਿਆ ਸੀ। ਸਕੂਲ ਬੰਦ ਰਹਿਣ ਤੋਂ ਬਾਅਦ ਹੁਣ 17 ਜੁਲਾਈ ਤੋਂ ਸਕੂਲ ਖੁੱਲ੍ਹਣ ਜਾਂ ਰਹੇ ਹਨ।