PM Narendra Modi’s France Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਲਹਾਲ ਆਪਣੇ ਫਰਾਂਸ ਦੌਰੇ ‘ਤੇ ਹਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਭਾਰਤੀ ਵਿਦਿਆਰਥੀਆਂ ਲਈ ਇੱਕ ਵੱਡੀ ਸੌਗਾਤ ਦਿੱਤੀ ਹੈ। ਜੀ ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਭਾਰਤੀ ਵਿਦਿਆਰਥੀ ਫਰਾਂਸ ਵਿੱਚ ਮਾਸਟਰ ਡਿਗਰੀ ਕਰ ਰਹੇ ਹਨ ਹੁਣ ਉਨ੍ਹਾਂ ਨੂੰ ਪੰਜ ਸਾਲ ਦਾ ਲੰਬੀ ਮਿਆਦ ਦਾ ਪੋਸਟ-ਸਟੱਡੀ ਵਰਕ ਵੀਜ਼ਾ ਦਿੱਤਾ ਜਾਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਵਿਦਿਆਰਥੀਆਂ ਨੂੰ ਦੋ ਸਾਲ ਦਾ ਵਰਕ ਵੀਜ਼ਾ ਦਿੱਤਾ ਜਾਂਦਾ ਸੀ। ਪੀਐਮ ਮੋਦੀ ਵੱਲੋਂ ਇਹ ਐਲਾਨ ਪੈਰਿਸ ਦੇ ਐਲਏ ਸੀਨ ਮਿਊਜ਼ਿਕਲ ਵਿਖੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ। ਉੱਥੇ ਇਕੱਠੇ ਹੋਏ ਲੋਕਾਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਉਨ੍ਹਾਂ ਕਿਹਾ, “ਆਖਰੀ ਵਾਰ ਜਦੋਂ ਮੈਂ ਫਰਾਂਸ ਆਇਆ ਸੀ, ਇਹ ਫੈਸਲਾ ਕੀਤਾ ਗਿਆ ਸੀ ਕਿ ਫਰਾਂਸ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ 2-ਸਾਲ ਦੇ ਪੋਸਟ-ਸਟੱਡੀ ਵਰਕ ਵੀਜ਼ਾ ਦਿੱਤੇ ਜਾਣਗੇ। ਹੁਣ, ਇਹ ਫੈਸਲਾ ਕੀਤਾ ਗਿਆ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਫਰਾਂਸ ਵਿੱਚ 5 ਸਾਲਾਂ ਦਾ ਪੋਸਟ-ਸਟੱਡੀ ਵਰਕ ਵੀਜ਼ਾ ਦਿੱਤਾ ਜਾਵੇਗਾ।”
ਹੁਣ ਫਰਾਂਸ ‘ਚ ਵੀ ਚੱਲੇਗਾ UPI!
ਪੀਐਮ ਮੋਦੀ ਨੇ ਦੱਸਿਆ ਕਿ ਫਰਾਂਸ ਵਿੱਚ ਭਾਰਤ ਦੇ ਯੂਪੀਆਈ ਦੀ ਵਰਤੋਂ ਲਈ ਇੱਕ ਸਮਝੌਤਾ ਕੀਤਾ ਗਿਆ ਹੈ ਅਤੇ ਇਸਦੀ ਸ਼ੁਰੂਆਤ ਆਈਫਲ ਟਾਵਰ ਤੋਂ ਕੀਤੀ ਜਾਵੇਗੀ। ਹੁਣ ਭਾਰਤੀ ਸੈਲਾਨੀ ਆਈਫਲ ਟਾਵਰ ਵਿੱਚ ਯੂਪੀਆਈ ਦੇ ਜ਼ਰੀਏ ਰੁਪਏ ਵਿੱਚ ਭੁਗਤਾਨ ਕਰਨ ਦੇ ਯੋਗ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਭਾਰਤ ਅਤੇ ਫਰਾਂਸ ਲੰਬੇ ਸਮੇਂ ਤੋਂ ਪੁਰਾਤੱਤਵ ਮਿਸ਼ਨਾਂ ‘ਤੇ ਕੰਮ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਰੱਚਿਆ ਇਤਿਹਾਸ!
ਫਰਾਂਸ ਤੇ ਭਾਰਤ ਦੋਵੇਂ ਦੇਸ਼ ਲਈ ਇੱਕ ਇਤਿਹਾਸਕ ਪਲ ਸੀ ਜਦੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਰੈਂਡ ਕਰਾਸ ਆਫ ਦਿ ਲੀਜਨ ਆਫ ਆਨਰ ਪ੍ਰਦਾਨ ਕੀਤਾ। ਇਹ ਫੌਜੀ ਜਾਂ ਨਾਗਰਿਕ ਆਦੇਸ਼ਾਂ ਵਿੱਚ ਸਭ ਤੋਂ ਉੱਚਾ ਫਰਾਂਸੀਸੀ ਸਨਮਾਨ ਹੈ। ਇਸ ਨਾਲ ਪੀਐਮ ਮੋਦੀ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ।
ਫਰਾਂਸ ਤੋਂ ਵੀ ਬਣਾਈ ਹੋਈ ਹੈ ਦਿੱਲੀ ‘ਤੇ ਨਜ਼ਰ!
PM ਮੋਦੀ ਵੱਲੋਂ ਫਰਾਂਸ ਤੋਂ ਦਿੱਲੀ ਹੜ੍ਹ ਦੇ ਹਾਲਾਤਾਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ‘ਤੇ ਗੱਲ ਕੀਤੀ ਗਈ। ਇਸ ਦੌਰਾਨ ਅਮਿਤ ਸ਼ਾਹ ਵੱਲੋਂ PM ਮੋਦੀ ਨੂੰ ਜਾਣਕਾਰੀ ਦਿੱਤੀ ਗਈ ਕਿ ਅਗਲੇ 24 ਘੰਟਿਆਂ ‘ਚ ਯਮੁਨਾ ਨਦੀ ‘ਚ ਇੱਕਠਾ ਹੋਇਆ ਪਾਣੀ ਘੱਟ ਹੋ ਜਾਵੇਗਾ।