ਸਪੋਰਟਸ ਡੈਸਕ: ਚੇਨਈ ਸੁਪਰ ਕਿੰਗਜ਼ ਨੇ ਆਈ.ਪੀ.ਐੱਲ. 2023 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਹ CSK ਦੀ 5ਵੀਂ ਆਈ.ਪੀ.ਐੱਲ. ਟਰਾਫ਼ੀ ਹੈ। ਉਸ ਨੇ ਫ਼ਾਈਨਲ ਮੁਕਾਬਲੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੂੰ ਬੇਹੱਦੀ ਕਰੀਬੀ ਮੁਕਾਬਲੇ ਵਿਚ ਹਰਾਇਆ। ਚੇਨਈ ਨੂੰ ਅਖ਼ੀਰਲੀਆਂ 2 ਗੇਂਦਾਂ ‘ਤੇ 10 ਦੌੜਾਂ ਦੀ ਲੋੜ ਸੀ। ਰਵਿੰਦਰ ਜਡੇਜਾ ਨੇ ਮੋਹਿਤ ਸ਼ਰਮਾ ਨੂੰ ਪਹਿਲਾਂ ਛੱਕਾ ਤੇ ਫ਼ਿਰ ਚੌਕਾ ਮਾਰ ਕੇ ਫ਼ਾਈਨਲ ਮੁਕਾਬਲਾ ਜਿਤਾਇਆ ਅਤੇ ਟਰਾਫ਼ੀ ‘ਤੇ ਮੁੜ CSK ਦਾ ਕਬਜ਼ਾ ਹੋ ਗਿਆ।
ਮੈਚ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਦਰਅਸਲ, ਇਹ ਮੰਨਿਆ ਜਾ ਰਿਹਾ ਸੀ ਕਿ ਇਹ ਧੋਨੀ ਦਾ ਅਖ਼ੀਰਲਾ ਸੀਜ਼ਨ ਹੈ ਤੇ ਉਹ ਇਸ ਤੋਂ ਬਾਅਦ ਆਈ.ਪੀ.ਐੱਲ. ਤੋਂ ਸੰਨਿਆਸ ਲੈਣਗੇ। ਪਰ ਐੱਮ.ਐੱਸ. ਧੋਨੀ ਨੇ ਟਰਾਫ਼ੀ ਹੱਥ ਵਿਚ ਲੈਣ ਤੋਂ ਪਹਿਲਾਂ ਆਪਣੇ ਫੈਨਜ਼ ਨੂੰ ਵੱਡਾ ਤੋਹਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਖ਼ਤ ਮਿਹਨਤ ਕਰਨਗੇ ਤੇ ਅਗਲੇ ਸਾਲ ਇਕ ਹੋਰ ਸੀਜ਼ਨ ਖੇਡਣ ਦੀ ਪੂਰੀ ਕੋਸ਼ਿਸ਼ ਕਰਨਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਸੌਖ਼ਾ ਨਹੀਂ ਹੋਵੇਗਾ।
ਮਹਿੰਦਰ ਸਿੰਘ ਧੋਨੀ ਨੇ ਕਿਹਾ, “ਇਹ ਮੇਰੇ ਲਈ ਸੰਨਿਆਸ ਦਾ ਐਲਾਨ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ। ਪਰ ਮੈਨੂੰ ਹਰ ਪਾਸਿਓਂ ਬਹੁਤ ਪਿਆਰ ਮਿਲਿਆ ਹੈ। ਇੱਥੋਂ ਸੰਨਿਆਸ ਲੈਣਾ ਸੌਖ਼ਾ ਹੋਵੇਗਾ, ਪਰ ਮੁਸ਼ਕਲ ਹੋਵੇਗਾ 9 ਮਹੀਨੇ ਸਖ਼ਤ ਮਿਹਨਤ ਕਰਨਾ ਤੇ ਘੱਟੋ-ਘੱਟ ਇਕ ਹੋਰ ਆਈ.ਪੀ.ਐੱਲ. ਸੀਜ਼ਨ ਖੇਡਣ ਦੀ ਕੋਸ਼ਿਸ਼ ਕਰਨਾ। ਇਹ ਮੇਰੇ ਵੱਲੋਂ ਇਕ ਤੋਹਫ਼ਾ ਹੋਵੇਗਾ। ਹਾਲਾਂਕਿ ਇਹ ਮੇਰੇ ਲਈ ਸੌਖ਼ਾ ਨਹੀਂ ਹੋਵੇਗਾ। ਪਰ ਮੇਰੇ ਕੋਲ ਇਸ ਬਾਰੇ ਫ਼ੈਸਲਾ ਕਰਨ ਲਈ ਅਜੇ 6-7 ਮਹੀਨੇ ਹਨ।”