ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਮਿਸ਼ਨ ਰੁਜ਼ਗਾਰ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਗਲਵਾਰ ਨੂੰ ਮਿਊਂਸੀਪਲ ਭਵਨ ਵਿਖੇ ਪਸ਼ੂ-ਪਾਲਣ ਵਿਭਾਗ ਦੇ ਵੈਟਰਨਰੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਮੁੱਖ ਮੰਤਰੀ ਮਾਨ ਵੱਲੋਂ ਨਵੇਂ ਭਰਤੀ ਹੋਈ ਵੈਟਰਨਰੀ ਅਫ਼ਸਰਾਂ ਨੂੰ ਵਧਾਈ ਦਿੱਤੀ ਗਈ।
ਮੁੱਖ ਮੰਤਰੀ ਨੇ ਕਿਹਾ ਮਾਪਿਆਂ ਨੇ ਬੱਚਿਆਂ ਲਈ ਜੋ ਸੁਫ਼ਨੇ ਲਏ ਹੋਣਗੇ, ਉਹ ਅੱਜ ਪੂਰੇ ਹੋ ਗਏ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਨੌਜਵਾਨ ਯੋਗ ਹੋ ਜਾਣ, ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਨੂੰ ਨਾਲ ਹੀ ਨੌਕਰੀ ਦੇ ਦਿੱਤੀ ਜਾਵੇ ਅਤੇ ਲੇਟ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਖੇਤੀ ਤੋਂ ਬਾਅਦ ਜੇਕਰ ਕਿਸਾਨ ਨੂੰ ਬਚਾ ਸਕਦਾ ਹੈ ਤਾਂ ਉਹ ਪਸ਼ੂ ਧਨ ਹੈ ਅਤੇ ਕਿਸਾਨ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਆਦਿ ਵਰਗਾ ਕੰਮ ਕਰ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ‘ਤੇ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ‘ਚ ਵੇਰਕਾ ਪੰਜਾਬ ਦਾ ਕਮਾਊ ਪੁੱਤ ਬਣ ਜਾਵੇਗਾ। ਵੇਰਕਾ ਦਾ ਦੁੱਧ, ਖੀਰ, ਪਿੰਨੀਆਂ, ਲੱਸੀ, ਪੰਜੀਰੀ ਵਰਗੀ ਚੀਜ਼ ਕਿਤੇ ਨਹੀਂ ਮਿਲਦੀ ਅਤੇ ਇਸ ਲਈ ਦੁੱਧ ਚਾਹੀਦਾ ਹੈ। ਦੁੱਧ ਲਈ ਸਿਹਤਮੰਦ ਪਸ਼ੂ ਚਾਹੀਦੇ ਹਨ, ਜਿਸ ਦੇ ਲਈ ਵੈਟਰਨਰੀ ਅਫ਼ਸਰਾਂ ਦੇ ਤਜੁਰਬੇ ਕੰਮ ਆਉਣੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਿੱਲੀ ‘ਚ ਅਸੀਂ ਵੇਰਕਾ ਦਾ ਦਫ਼ਤਰ ਖੋਲ੍ਹ ਰਹੇ ਹਾਂ। ਹਿਮਾਚਲ ਦਾ ਦਫ਼ਤਰ ਵੱਡਾ ਕਰ ਰਹੇ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਦੇਸ਼ਾਂ ‘ਚ ਵੱਡੀ ਗਿਣਤੀ ‘ਚ ਪੰਜਾਬੀ ਵੱਸਦੇ ਹਨ ਅਤੇ ਉੱਥੇ ਪੰਜਾਬੀ ਸਟੋਰ ਵੀ ਖੁੱਲ੍ਹੇ ਹੋਏ ਹਨ। ਪੰਜਾਬ ਦੇ ਪ੍ਰੋਡਕਟ ਵਿਦੇਸ਼ ਭੇਜਣ ਲਈ ਐੱਨ. ਆਰ. ਆਈਜ਼ ਨਾਲ ਵੀ ਗੱਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦੁੱਧ ਪ੍ਰੈਸੋਸ ਹੋ ਕੇ ਜਦੋਂ ਵਿਦੇਸ਼ ਜਾਵੇਗਾ ਤਾਂ ਉੱਥੇ ਵੱਸਦੇ ਪੰਜਾਬੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ।
ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਜਦੋਂ ਵੱਡੇ ਸਟੋਰਾਂ ‘ਚ ਜਾਂਦੇ ਹਨ ਤਾਂ ਮੇਡ ਇਨ ਪੰਜਾਬ ਜਾਂ ਸਿਰਫ ਪੰਜਾਬ ਲਿਖਿਆ ਦੇਖ ਕੇ ਹੀ ਰੇਟ ਵੀ ਨਹੀਂ ਪੁੱਛਦੇ ਕਿਉਂਕਿ ਉਨ੍ਹਾਂ ਨੂੰ ਪੰਜਾਬ ਦੀ ਬਣੀ ਚੀਜ਼ ਮਿਲਣ ‘ਤੇ ਉਸੇ ਤਰ੍ਹਾਂ ਖ਼ੁਸ਼ੀ ਮਿਲਦੀ ਹੈ, ਜਿਵੇਂ ਕਿਸੇ ਵਿਆਹੀ ਕੁੜੀ ਨੂੰ ਆਪਣੇ ਪੇਕੇ ਘਰ ਤੋਂ ਆਈ ਚੀਜ਼ ਦੇਖ ਕੇ ਖ਼ੁਸ਼ੀ ਮਿਲਦੀ ਹੈ। ਜੇਕਰ ਪੰਜਾਬ ਤਰੱਕੀ ਕਰਦਾ ਹੈ ਤਾਂ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਨੂੰ ਵੀ ਖ਼ੁਸ਼ੀ ਹੁੰਦੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਪੁਲਸ ‘ਚ ਹਰ ਸਾਲ 2100-2200 ਭਰਤੀ ਕਰਨੀਆਂ ਪੈਂਦੀਆਂ ਹਨ ਕਿਉਂਕਿ ਬਹੁਤ ਸਾਰੇ ਮੁਲਾਜ਼ਮ ਇਕ ਸਾਲ ‘ਚ ਰਿਟਾਇਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ 4 ਸਾਲ ਪਹਿਲਾਂ ਹੀ ਨੌਜਵਾਨਾਂ ਨੂੰ ਭਰਤੀ ਬਾਰੇ ਦੱਸ ਦਿੱਤਾ ਹੈ ਜਾਂ ਜੋ ਉਹ ਆਪਣੀ ਪੂਰੀ ਤਿਆਰੀ ਕਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਡਿਗਰੀ ਮੁਤਾਬਕ ਇੱਥੇ ਕੰਮ ਮਿਲ ਜਾਵੇ ਤਾਂ ਪੰਜਾਬ ਦੇ ਵਿਕਾਸ ਨੂੰ ਕੋਈ ਨਹੀਂ ਰੋਕ ਸਕਦਾ।