USA ਅਮਰੀਕਾ ’ਚ ਆਗਰਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਇੰਡੀਆਨਾਪੋਲਿਸ: ਅਮਰੀਕੀ ਸੂਬੇ ਇੰਡੀਆਨਾ ਦੀ ਰਾਜਧਾਨੀ ਇੰਡੀਆਨਾਪੋਲਿਸ ’ਚ 29 ਸਾਲਾ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਇਹ ਮਾਮਲਾ ਸੜਕ ’ਤੇ ਹੋਈ ਕਿਸੇ ਮਾਮੂਲੀ ਗੱਲ ਤੋਂ ਭੜਕਾਹਟ ਪੈਦਾ ਹੋ ਕੇ ਹਿੰਸਕ ਹੋ ਜਾਣ ਦਾ ਹੈ।
ਭਾਰਤੀ ਨੌਜਵਾਨ ਦਾ ਨਾਂਅ ਗੈਵਿਨ ਦਸੌਰ ਸੀ ਤੇ ਉਸ ਦਾ ਹਾਲੇ ਦੋ ਕੁ ਹਫ਼ਤੇ ਪਹਿਲਾਂ ਬੀਤੀ 29 ਜੂਨ ਨੂੰ ਮੈਕਸੀਕੋ ਦੀ ਲੜਕੀ ਵਿਵੀਆਨਾ ਜ਼ਾਮੋਰਾ ਨਾਲ ਵਿਆਹ ਹੋਇਆ ਸੀ। ਹਾਦਸਾ ਵਾਪਰਨ ਵੇਲੇ ਗਾਮੋਰਾ ਵੀ ਉਸ ਦੇ ਨਾਲ ਹੀ ਸੀ। ਉਹ ਦੋਵੇਂ ਘਰ ਵਾਪਸ ਜਾ ਰਹੇ ਸਨ।
ਗੈਵਿਨ ਦਸੌਰ ਭਾਰਤੀ ਸੂਬੇ ਉੱਤਰ ਪ੍ਰਦੇਸ਼ ਦੇ ਆਗਰਾ ਦਾ ਜੰਮਪਲ਼ ਸੀ। ਪੁਲਿਸ ਨੇ ਮੁਲਜ਼ਮ ਨੂੰ ਪਹਿਲਾਂ ਤਾਂ ਹਿਰਾਸਤ ’ਚ ਲੈ ਲਿਆ ਸੀ ਪਰ ਬਾਅਦ ’ਚ ਅਧਿਕਾਰੀਆਂ ਨੂੰ ਲੱਗਾ ਕਿ ਉਸ ਨੇ ਤਾਂ ਸਿਰਫ਼ ਖ਼ੁਦ ਨੂੰ ਬਚਾਉਣ ਲਈ ਗੋਲ਼ੀਆਂ ਚਲਾਈਆਂ ਸਨ, ਤਾਂ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।
ਇਹ ਸਾਰਾ ਮਾਮਲਾ ਕੁਝ ਇਉਂ ਦੱਸਿਆ ਜਾਂਦਾ ਹੈ ਕਿ ਬੀਤੀ 16 ਜੁਲਾਈ ਨੂੰ ਸ਼ਾਮੀਂ ਅੱਠ ਵਜੇ ਇਕ ਚੌਰਾਹੇ ’ਤੇ ਗੈਵਿਨ ਦਾ ਕਿਸੇ ਗੱਲ ਨੂੰ ਲੈ ਕੇ ਇਕ ਹੋਰ ਪਿਕਅਪ ਟਰੱਕ ਦੇ ਡਰਾਇਵਰ ਨਾਲ ਝਗੜਾ ਹੋ ਗਿਆ। ਗੈਵਿਨ ਆਪਣੀ ਗੰਨ ਕੱਢ ਕੇ ਬਹੁਤ ਜ਼ਿਆਦਾ ਗੁੱਸੇ ’ਚ ਉਸ ਪਿਕਅਪ ਤਕ ਗਿਆ ਤੇ ਮਾਮੂਲੀ ਜਿਹੀ ਬਹਿਸ ਹੋਈ। ਪਿਕਅਪ ਦੇ ਡਰਾਇਵਰ ਨੇ ਗੱਲ ਵਧਣ ਤੋਂ ਪਹਿਲਾਂ ਹੀ ਉਸ ਦੇ ਤਿੰਨ ਗੋਲ਼ੀਆਂ ਚਲਾ ਦਿਤੀਆਂ।