Pakistani Beggars: ਦੋ ਹਜ਼ਾਰ ਪਾਕਿਸਤਾਨੀ ਮੰਗਤਿਆਂ ਦੇ ਪਾਸਪੋਰਟ ਰੱਦ
ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ 2,000 ਤੋਂ ਵੱਧ ਅਜਿਹੇ ਮੰਗਤਿਆਂ ਦੇ ਪਾਸਪੋਰਟ ਰੱਦ ਕਰ ਦਿਤੇ ਹਨ, ਜੋ ਭੀਖ ਮੰਗਣ ਲਈ ਵਿਦੇਸ਼ ਜਾਂਦੇ ਹਨ। ਅਧਿਕਾਰਤ ਤੌਰ ’ਤੇ ਕਿਹਾ ਇਹ ਜਾ ਰਿਹਾ ਹੈ ਕਿ ਇਨ੍ਹਾਂ ਭਿਖਾਰੀਆਂ ਨੇ ਦੁਨੀਆ ਭਰ ’ਚ ਪਾਕਿਸਤਾਨ ਦਾ ਅਕਸ ਖ਼ਰਾਬ ਕੀਤਾ ਹੈ। ‘ਡਾਅਨ ਨਿਊਜ਼’ ਮੁਤਾਬਕ ਦੁਨੀਆ ਭਰ ਦੇ ਪਾਕਿਸਤਾਨੀ ਦੂਤਾਵਾਸਾਂ ਤੋਂ ਅਜਿਹੇ ਮੰਗਤੇ ਕਿਸਮ ਦੇ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਵਿਦੇਸ਼ ਮੰਤਰਾਲੇ ਤੋਂ ਹੋਰ ਜਾਣਕਾਰੀ ਮੰਗੀ ਗਈ ਹੈ।
ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਿਦੇਸ਼ ’ਚ ਭੀਖ ਮੰਗਦੇ ਫੜੇ ਗਏ ਲੋਕਾਂ ਦੇ ਪਾਸਪੋਰਟ ’ਤੇ ਸੱਤ ਸਾਲ ਲਈ ਪਾਬੰਦੀ ਲਾਈ ਜਾ ਰਹੀ ਹੈ। ਅਖ਼ਬਾਰ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦੇਸ਼ਾਂ ’ਚ ਭੀਖ ਮੰਗਣ ਨਾਲ ਨਾ ਸਿਰਫ਼ ਪਾਕਿਸਤਾਨ ਦਾ ਅਕਸ ਖ਼ਰਾਬ ਹੁੰਦਾ ਹੈ, ਸਗੋਂ ਦੇਸ਼ ਦੇ ਲੋਕਾਂ ਦਾ ਸਨਮਾਨ ਵੀ ਘਟਦਾ ਹੈ। ਇਹੋ ਕਾਰਨ ਹੈ ਕਿ ਅਜਿਹੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਉਨ੍ਹਾਂ ਏਜੰਟਾਂ ਦੇ ਪਾਸਪੋਰਟ ਵੀ ਰੱਦ ਕਰਨਾ ਚਾਹੁੰਦੀ ਹੈ ਜੋ ਵਿਦੇਸ਼ਾਂ ਵਿਚ ਭਿਖਾਰੀਆਂ ਦੀ ਮਦਦ ਕਰਦੇ ਹਨ। ਬਹੁਤ ਸਾਰੇ ਭਿਖਾਰੀ ਸਾਊਦੀ ਅਰਬ, ਈਰਾਨ ਅਤੇ ਇਰਾਕ ਵਰਗੇ ਦੇਸ਼ਾਂ ਵਿਚ ਤੀਰਥ ਯਾਤਰਾ ਜਾਂ ਉਮਰਾਹ ਲਈ ਜਾਂਦੇ ਹਨ ਪਰ ਉੱਥੇ ਭੀਖ ਮੰਗਣਾ ਸ਼ੁਰੂ ਕਰ ਦਿੰਦੇ ਹਨ।
ਇਸ ਸਮੱਸਿਆ ਨਾਲ ਨਜਿੱਠਣ ਲਈ ਗ੍ਰਹਿ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਮਿਲ ਕੇ ਠੋਸ ਨੀਤੀ ਬਣਾਉਣ ’ਤੇ ਕੰਮ ਕਰ ਰਹੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ਾਂ ਵਿੱਚ ਭੀਖ ਮੰਗਣ ਵਾਲੇ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਨਾ ਇਸ ਮੁੱਦੇ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲਾ ਕਦਮ ਹੈ।
ਪਿਛਲੇ ਸਾਲ ਅਕਤੂਬਰ ਵਿੱਚ, ਪਾਕਿਸਤਾਨ ਦੇ 24 ਲੋਕਾਂ ਨੂੰ ਸਾਊਦੀ ਅਰਬ ਜਾਣ ਵਾਲੀ ਫਲਾਈਟ ਵਿਚ ਸਵਾਰ ਹੋਣ ਤੋਂ ਪਹਿਲਾਂ ਹੀ ਹਿਰਾਸਤ ਵਿਚ ਲਿਆ ਗਿਆ ਸੀ। ਇਹ ਲੋਕ ਸ਼ਰਧਾਲੂਆਂ ਵਜੋਂ ਆਏ ਸਨ, ਪਰ ਸ਼ੱਕ ਸੀ ਕਿ ਉਹ ਉਥੇ ਜਾ ਕੇ ਭੀਖ ਮੰਗਣਗੇ। ਇਸ ਤੋਂ ਦੋ ਦਿਨ ਪਹਿਲਾਂ ਮੁਲਤਾਨ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ ਸਾਊਦੀ ਅਰਬ ਜਾਣ ਵਾਲੀ ਫਲਾਈਟ ਤੋਂ 16 ਲੋਕਾਂ ਨੂੰ ਉਤਾਰਿਆ ਸੀ। ਇਨ੍ਹਾਂ ਵਿਚ ਇੱਕ ਬੱਚਾ, 11 ਔਰਤਾਂ ਅਤੇ 4 ਪੁਰਖ ਸ਼ਾਮਲ ਸਨ। ਇਨ੍ਹਾਂ ਲੋਕਾਂ ’ਤੇ ਭੀਖ ਮੰਗਣ ਦਾ ਵੀ ਸ਼ੱਕ ਸੀ। ਉਸ ਕੋਲ ਉਮਰਾਹ ਲਈ ਵੀਜ਼ਾ ਸੀ। ਉਮਰਾਹ ਮੱਕਾ ਦੀ ਤੀਰਥ ਯਾਤਰਾ ਨੂੰ ਦਰਸਾਉਂਦੀ ਹੈ, ਜੋ ਸਾਲ ਦੇ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ।