ਵਿਕਟੋਰੀਆ: ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊ ਦੀ ਪਤਨੀ ਲਈ ਲਈਆਂ ਸਭ ਤੋਂ ਮਹਿੰਗੇ ਵਕੀਲ ਦੀਆਂ ਸੇਵਾਵਾਂ
ਸਿਡਨੀ: ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊ ਨੇ ਆਪਣੇ ਬਚਾਅ ਲਈ ਆਸਟ੍ਰੇਲੀਆ ਦਾ ਸਭ ਤੋਂ ਮਹਿੰਗਾ ਵਕੀਲ ਕੀਤਾ ਹੈ। ਇੱਕ ਦਿਨ ਦੀ $25,000 ਡਾਲਰ ਫੀਸ ਲੈਣ ਵਾਲੇ ਵਕੀਲ ਫਿਲਿਪ ਕਰਚਫੀਲਡ ਕੇ.ਸੀ ਨੂੰ ਡੈਨੀਅਲ ਐਂਡਰਿਊ ਦਾ ਅਦਾਲਤ ‘ਚ ਬਚਾਅ ਕਰ ਦੀ ਜਿੰਮੇਵਾਰੀ ਸੌਂਪੀ ਗਈ ਹੈ। ਹਾਲਾਂਕਿ ਇਸ ਪੂਰੇ ਮਾਮਲੇ ਲਈ ਅਲੱਗ ਤੋਂ ਅਰਨੋਲਡ ਬਲੋਚ ਲੀਬਲਰ ਨਾਮ ਦੀ ਲਾਅ ਫਰਮ ਡੈਨੀਅਲ ਦਾ ਕੇਸ ਦੇਖ ਰਹੀ ਹੈ।
ਦਰਅਸਲ ਇਹ ਮਾਮਲਾ 7 ਜਨਵਰੀ 2013 ਦਾ ਹੈ। ਮੈਲਬੌਰਨ ਦੇ ਬਲੇਅਰਗੋਵਰੀ ‘ਚ ਰਿਡਲੇ ਸਟਰੀਟ ‘ਤੇ 40 ਕਿਮੀ/ਘੰਟਾ ਦੀ ਰਫਤਾਰ ਨਾਲੋਂ ਤੇਜ਼ ਚੱਲੀ ਆਉਂਦੀ ਫੋਰਡ ਟੈਰੀਟੋਰੀ ਨੇ ਸਾਈਕਲ ‘ਤੇ ਜਾ ਰਹੇ 15 ਸਾਲਾਂ ਰਿਆਨ ਮੇਉਲੇਮੈਨ ਨੂੰ ਟੱਕਰ ਮਾਰ ਦਿੱਤੀ ਸੀ। ਪੀੜਤ ਰਿਆਨ ਦੇ ਪੱਸਲੀਆਂ ਅਤੇ ਲੱਤਾਂ ਦੀਆਂ ਹੱਡੀਆਂ ‘ਤੇ ਸੱਟਾਂ ਲੱਗੀਆਂ ਸਨ ਅਤੇ ਉਹ 2 ਹਫਤਿਆਂ ਤੱਕ ਹਸਪਤਾਲ ‘ਚ ਰਿਹਾ ਸੀ। ਗੱਡੀ ਉਸ ਵਕਤ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊ ਦੀ ਪਤਨੀ ਕੈਥਰੀਨ ਐਂਡਰਿਊ ਚਲਾ ਰਹੀ ਸੀ।
ਰਿਆਨ ਦੇ ਵਕੀਲਾਂ ਦੀ ਤਰਫੋਂ ਇਲਜ਼ਾਮ ਇਹ ਸਨ, ਕਿ ਹਾਦਸਾ ਦੁਪਿਹਰੇ 1 ਵੱਜ ਕੇ 6 ਮਿੰਟ ‘ਤੇ ਵਾਪਰਿਆ, ਜਦਕਿ ਡੈਨੀਅਲ ਐਂਡਰਿਊ ਦੀ ਤਰਫੋਂ ਐਂਬੂਲੈਂਸ ਨੂੰ ਕਾਲ 1 ਵੱਜ ਕੇ 10 ਮਿੰਟ ‘ਤੇ ਗਈ। ਉਹਨਾਂ 4 ਮਿੰਟਾਂ ਦਰਮਿਆਨ ਡੈਨੀਅਲ ਐਂਡਰਿਊ ਨੇ ਸਭ ਤੋਂ ਜਰੂਰੀ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਿਉਂ ਨਹੀਂ ਕੀਤੀ ਅਤੇ ਉਸ ਦਰਮਿਆਨ ਕਿਸ ਕਿਸ ਨੂੰ ਹੋਰ ਸੰਪਰਕ ਕੀਤਾ ਗਿਆ? ਪਤਾ ਚੱਲ ਰਿਹਾ ਹੈ ਕਿ ਸਾਬਕਾ ਪ੍ਰੀਮੀਅਰ ਦੀ ਫੋਨ ਡਿਟੇਲ ਸਾਹਮਣੇ ਆਉਣ ਨਾਲ ਬਹੁਤ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਡੈਨੀਅਲ ਐਂਡਰਿਊ ਨੇ ਦੁਰਘਟਨਾ ਵਾਲੇ ਦਿਨ ਦੀਆਂ ਕਾਲ ਡਿਟੈਲਸ ਕੋਰਟ ਨੂੰ ਦੇਣ ਦੀ ਹਾਮੀ ਭਰ ਦਿੱਤੀ ਹੈ। ਅਦਾਲਤ ਵਿਚ ਹੁਣ ਕਾਲ ਡਿਲੇਟਸ ਪੇਸ਼ ਹੋਣ ਤੋਂ ਬਾਅਦ ਕੇਸ ਵਿਚ ਹੋਰ ਸਪਸ਼ਟਤਾ ਆਵੇਗੀ। ਇਸ ਕੇਸ ਦਾ ਫੈਸਲਾ ਹੁਣ ਫੋਨ ਡਿਟੇਲਸ ਨਾਲ ਜੁੜਿਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੇਸ਼ ਦਾ ਸਭ ਤੋਂ ਮਹਿੰਗਾ ਵਕੀਲ ਡੈਨੀਅਲ ਐਂਡਰਿਊ ਨੂੰ ਕਿਸ ਤਰਾਂ ਬਚਾਵੇਗਾ।