USA Election: ਮੈਦਾਨ ’ਚ ਡਟੇ ਰਹਿਣ ਸਬੰਧੀ ਛੇਤੀ ਫ਼ੈਸਲਾ ਲੈਣਗੇ ਬਾਇਡਨ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਹੋਰ ਸੂਬਿਆਂ ਦੇ ਗਵਰਨਰਾਂ ਨਾਲ ਹਾਲ ਹੀ ਵਿੱਚ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਕਿਹਾ ਕਿ ਬਾਇਡਨ ਇੱਕ-ਦੋ ਦਿਨ ਵਿੱਚ ਫ਼ੈਸਲਾ ਲੈਣਗੇ ਕਿ ਉਹ ਰਾਸ਼ਟਰਪਤੀ ਅਹੁਦੇ ਲਈ ਚੋਣ ਮੈਦਾਨ ਵਿੱਚ ਡਟੇ ਰਹਿਣਗੇ ਜਾਂ ਨਹੀਂ।
ਗ੍ਰੀਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਬਾਇਡਨ ਚੋਣ ਮੈਦਾਨ ਵਿੱਚੋਂ ਲਾਂਭੇ ਹੋਣ ਦਾ ਫ਼ੈਸਲਾ ਲੈ ਲੈਂਦੇ ਹਨ ਤਾਂ ਉਹ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਆਪਣੀ ਥਾਂ ’ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਨਾਮਜ਼ਦ ਕਰਨਗੇ।
ਉਨ੍ਹਾਂ ਕਿਹਾ ਕਿ ਜੇ ਰਾਸ਼ਟਰਪਤੀ ਨੂੰ ਲੱਗਿਆ ਕਿ ਉਹ ਸੱਚਮੁੱਚ ਚੋਣ ਜਿੱਤ ਨਹੀਂ ਸਕਣਗੇ ਤਾਂ ਉਹ ਦੌੜ ਵਿੱਚੋਂ ਲਾਂਭੇ ਹੋ ਜਾਣਗੇ। ਗ੍ਰੀਨ ਨੇ ਕਿਹਾ, ‘‘ਸਾਨੂੰ ਸ਼ਾਇਦ ਇੱਕ-ਦੋ ਦਿਨ ਵਿੱਚ ਪਤਾ ਚੱਲ ਜਾਵੇਗਾ ਕਿ ਰਾਸ਼ਟਰਪਤੀ ਦਾ ਕੀ ਵਿਚਾਰ ਹੈ।’’ ਬਾਇਡਨ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਰਿਪਬਲਿਕਨ ਪਾਰਟੀ ਦੇ ਆਪਣੇ ਰਵਾਇਤੀ ਵਿਰੋਧੀ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮੈਦਾਨ ਵਿੱਚ ਡਟੇ ਰਹਿਣਗੇ।
ਅਟਲਾਂਟਾ ਵਿੱਚ 27 ਜੂਨ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਈ ਬਹਿਸ ਵਿੱਚ ਮਾੜੀ ਕਾਰਗੁਜ਼ਾਰੀ ਮਗਰੋਂ ਬਾਇਡਨ (81) ਦੀ ਹਰਮਨਪਿਆਰਤਾ ‘ਰੇਟਿੰਗ’ ਹੇਠਾਂ ਆਈ ਹੈ। ਇਸ ਮਗਰੋਂ ਕੁੱਝ ਡੈਮੋਕਰੈਟ ਆਗੂਆਂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਲਾਂਭੇ ਹੋਣ ਦੀ ਅਪੀਲ ਕੀਤੀ ਸੀ।