ਅੰਮ੍ਰਿਤਪਾਲ ਸਿੰਘ ਨੇ ਸਾਂਸਦ ਵਜੋਂ ਚੁੱਕੀ ਸਹੁੰ
New Delhi: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ । ਹਾਲਾਂਕਿ ਇਸ ਦੀ ਕੋਈ ਫੋਟੋ-ਵੀਡੀਓ ਜਾਰੀ ਨਹੀਂ ਕੀਤੀ ਗਈ ਹੈ। ਹੁਣ ਪਰਿਵਾਰ ਨੂੰ ਅੰਮ੍ਰਿਤਪਾਲ ਨਾਲ ਮੁਲਾਕਾਤ ਕਰਵਾਈ ਜਾਵੇਗੀ। ਇਸ ਦੇ ਲਈ ਉਸ ਨੂੰ ਸੁਰੱਖਿਅਤ ਥਾਂ ਉੱਤੇ ਲਿਜਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਨੂੰ ਸਹੁੰ ਚੁੱਕਣ ਲਈ ਸਵੇਰੇ 4 ਵਜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਜਿਸ ਤੋਂ ਬਾਅਦ ਉਸ ਨੂੰ ਸਖ਼ਤ ਸੁਰੱਖਿਆ ਹੇਠ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਕੱਢ ਕੇ ਏਅਰਬੇਸ ਲਿਜਾਇਆ ਗਿਆ । ਜਿੱਥੋਂ ਅੰਮ੍ਰਿਤਪਾਲ ਨੂੰ ਫੌਜੀ ਜਹਾਜ਼ ਵਿੱਚ ਦਿੱਲੀ ਲਿਆਂਦਾ ਗਿਆ। ਦਿੱਲੀ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਸੰਸਦ ਭਵਨ ਲਿਆਂਦਾ ਗਿਆ।
ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਅਤੇ ਚਾਚਾ ਦਿੱਲੀ ਪਹੁੰਚ ਗਏ ਹਨ। ਉਸ ਨੂੰ ਅਜੇ ਤੱਕ ਅੰਮ੍ਰਿਤਪਾਲ ਨੂੰ ਮਿਲਣ ਦਾ ਸਮਾਂ ਨਹੀਂ ਦੱਸਿਆ ਗਿਆ। ਜਦੋਂਕਿ ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ ਪਿਛਲੇ ਕਾਫੀ ਸਮੇਂ ਤੋਂ ਡਿਬਰੂਗੜ੍ਹ ਵਿੱਚ ਰਹਿ ਰਹੀ ਹੈ, ਜਿਸ ਕਾਰਨ ਉਹ ਦਿੱਲੀ ਨਹੀਂ ਪਹੁੰਚ ਸਕੇਗੀ। ਪਰਿਵਾਰ ਨੂੰ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਨੂੰ ਵਾਪਸ ਅਸਾਮ ਦੀ ਜੇਲ੍ਹ ਲਿਜਾਇਆ ਜਾਵੇਗਾ ।