Canada: ਹਾਊਸਿੰਗ ਸੰਕਟ ਕਰਕੇ ਕਈ ਨੌਜਵਾਨ ਕੈਨੇਡੀਅਨਜ਼ ਬੱਚਾ ਪੈਦਾ ਕਰਨ ਚ ਕਰ ਰਹੇ ਨੇ ਦੇਰੀ
Ottawa: ਬਹੁਤ ਸਾਰੇ ਨੌਜਵਾਨ ਕੈਨੇਡੀਅਨਜ਼ ਬੱਚੇ ਪੈਦਾ ਕਰਨ ਵਿਚ ਦੇਰੀ ਕਰ ਰਹੇ ਹਨ ਕਿਉਂਕਿ ਘਰਾਂ ਦੇ ਮਹਿੰਗੇ ਕਿਰਾਇਆਂ ਕਰਕੇ ਪਰਿਵਾਰ ਵੱਡਾ ਕਰ ਲੈਣਾ ਉਨ੍ਹਾਂ ਨੂੰ ਵਾਰਾ ਨਹੀਂ ਖਾਂਦਾ। 27 ਸਾਲ ਦੀ ਐਨਾ ਸਮਿੱਥ ਪਰਿਵਾਰ ਸ਼ੁਰੂ ਕਰਨਾ ਚਾਹੁੰਦੀ ਸੀ। ਹਾਲ ਦੀ ਘੜੀ ਉਹ ਟੋਰੌਂਟੋ ਵਿਚ ਇੱਕ 500 ਸਕੇਅਰ ਫੁੱਟ ਦੇ ਅਪਾਰਟਮੈਂਟ ਵਿਚ ਰਹਿੰਦੀ ਹੈ ਜਿਸ ਦਾ ਕਿਰਾਇਆ 1,550 ਡਾਲਰ ਹੈ। ਇਸ ਕਰਕੇ 20 ਤੋਂ 30 ਸਾਲ ਦੇ ਦਰਮਿਆਨ ਬਹੁਤ ਸਾਰੇ ਕੈਨੇਡੀਅਨਜ਼ ਵਾਂਗ ਐਨਾ ਨੇ ਵੀ ਮਹਿਸੂਸ ਕੀਤਾ ਕਿ ਫ਼ਿਲਹਾਲ ਉਹ ਪਰਿਵਾਰ ਵਧਾਉਣ ਬਾਰੇ ਨਹੀਂ ਸੋਚ ਸਕਦੀ।
ਯੂਨੀਵਰਸਿਟੀ ਔਫ਼ ਟੋਰੌਂਟੋ ਦੀ ਗ੍ਰੈਜੁਏਟ ਵਿਦਿਆਰਥੀ ਐਨਾ ਪਿਛਲੇ ਦੋ ਸਾਲਾਂ ਤੋਂ ਬੱਚਾ ਪੈਦਾ ਕਰਨ ਦਾ ਫ਼ੈਸਲਾ ਟਾਲ਼ ਰਹੀ ਹੈ ਅਤੇ ਉਹ ਕਹਿੰਦੀ ਹੈ ਕਿ ਇਹ ਬਹੁਤ ਹੀ “ਦਿਲ ਤੋੜਨ ਵਾਲੀ ਸਥਿਤੀ” ਹੈ।
ਐਨਾ ਚਾਹੁੰਦੀ ਸੀ ਕਿ ਉਹ ਜਵਾਨੀ ਦੇ ਸਮੇਂ ਵਿਚ ਹੀ ਮਾਂ ਬਣ ਜਾਵੇ ਕਿਉਂਕਿ ਉਸਦੇ ਮਾਂ-ਬਾਪ ਵੱਡੀ ਉਮਰੇ ਮਾਪੇ ਬਣੇ ਸਨ, ਜਿਸ ਕਰਕੇ ਕਈ ਚੁਣੌਤੀਆਂ ਰਹੀਆਂ ਸਨ। ਐਨਾ ਚਾਹੁੰਦੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਇੱਕ ਵੱਖਰਾ ਬਚਪਨ ਦੇ ਸਕੇ। ਪਰ ਮਹਿੰਗਾਈ ਅਤੇ ਹਾਊਸਿੰਗ ਸੰਕਟ ਕਰਕੇ ਹੁਣ ਉਸਦਾ ਇਹ ਸੁਪਣਾ ਪੂਰਾ ਹੋਣਾ ਮੁਸ਼ਕਲ ਹੋ ਰਿਹਾ ਹੈ।
ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚ 1,000 ਤੋਂ ਵੱਧ ਇਲਾਕਿਆਂ ਦੇ ਇੱਕ ਤਾਜ਼ਾ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਦੇਸ਼ ਦੇ ਜ਼ਿਆਦਾਤਰ ਕਿਰਾਏ ਦੇ ਮਕਾਨਾਂ ਵਿਚ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਕਿਰਾਏ ਲਈ ਉਪਲਬਧ ਅਤੇ ਕਿਫਾਇਤੀ ਹਨ।
ਜੇ ਤੁਸੀਂ ਇੱਕ ਤੋਂ ਵੱਧ ਕਮਰਿਆਂ ਦੀ ਜਗ੍ਹਾ ਦੇਖ ਰਹੇ ਹੋ ਤਾਂ ਸਥਿਤੀ ਹੋਰ ਵੀ ਮਾੜੀ ਹੈ। ਦੋ ਜਾਂ ਵੱਧ ਕਮਰਿਆਂ ਵਾਲੇ ਸਿਰਫ਼ 14,000 ਯੂਨਿਟ ਉਪਲਬਧ ਸਨ ਜਿਹੜੇ ਆਮਦਨ ਦੀ ਔਸਤ ਦੇ ਹਿਸਾਬ ਨਾਲ ਅਫੋਰਡ ਕੀਤੇ ਜਾ ਸਕਦੇ ਸਨ।
ਇਸ ਤਰ੍ਹਾਂ ਦੇ ਕਾਰਨਾਂ ਕਰਕੇ, ਕਈ ਪਰਿਵਾਰ ਨਿੱਕੇ ਨਿੱਕੇ ਅਪਾਰਟਮੈਂਟਾਂ ਵਿਚ ਰਹਿਣ ਲਈ ਮਜਬੂਰ ਹਨ ਜਿੱਥੇ ਮਾਪੇ ਸੋਫ਼ਿਆਂ ’ਤੇ ਸੌਂ ਰਹੇ ਹਨ ਤਾਂ ਕਿ ਬੱਚਿਆਂ ਕੋਲ ਕਮਰਾ ਹੋ ਸਕੇ। ਕਈਆਂ ਨੇ ਐਨਾ ਵਾਂਗ ਬੱਚੇ ਪੈਦਾ ਕਰਨ ਦਾ ਫ਼ੈਸਲਾ ਟਾਲ਼ ਦਿੱਤਾ ਹੈ।
ਜ਼ੈਕ ਰੌਬੀਸ਼ੌਡ ਓਨਟੇਰਿਓ ਦੇ ਕਿਚਨਰ ਵਿਚ ਰਹਿੰਦਾ ਹੈ। ਉਸਨੇ ਦੱਸਿਆ ਕਿ ਉਸਨੇ ਅਤੇ ਉਸਦੀ ਪਤਨੀ ਨੇ ਤਿੰਨ ਬੱਚੇ ਪੈਦਾ ਕਰਨ ਦਾ ਪਲਾਨ ਕੀਤਾ ਸੀ। ਪਰ ਇਹ ਜੋੜਾ ਇੱਕ ਬੱਚੇ ਤੋਂ ਬਾਅਦ ਹੀ ਰੁਕ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਦੋਵਾਂ ਕੋਲ ਫੁੱਲ ਟਾਈਮ ਨੌਕਰੀਆਂ ਹਨ, ਪਰ ਉਨ੍ਹਾਂ ਦੀ ਜ਼ਿਆਦਾਤਰ ਆਮਦਨ 2,000 ਡਾਲਰ ਪ੍ਰਤੀ ਮਹੀਨਾ ਕਿਰਾਏ ਵਿਚ ਚਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੰਨੇ ਖ਼ਰਚਿਆਂ ਦੇ ਦਰਮਿਆਨ ਹੋਰ ਬੱਚੇ ਪੈਦਾ ਕਰਨਾ ਵਾਰਾ ਨਹੀਂ ਖਾਣਾ।
ਸਟੈਟਿਸਟਿਕਸ ਕੈਨੇਡਾ ਦੀ ਜਨਵਰੀ (ਨਵੀਂ ਵਿੰਡੋ) ਵਿੱਚ ਰਿਪੋਰਟ ਅਨੁਸਾਰ ਕੈਨੇਡਾ ਵਿਚ ਜਨਮ ਦਰ ਹੁਣ ਪ੍ਰਤੀ ਔਰਤ 1.33 ਬੱਚੇ ਦੇ ਰਿਕਾਰਡ ਹੇਠਲੇ ਪੱਧਰ ‘ਤੇ ਹੈ, ਜਦ ਕਿ 2021 ਵਿੱਚ ਇਹ 1.44 ਸੀ। ਏਜੰਸੀ ਨੇ ਪਹਿਲਾਂ ਇਹ ਵੀ ਰਿਪੋਰਟ ਕੀਤਾ ਸੀ ਕਿ ਘੱਟ ਉਮਰ ਦੇ ਕੈਨੇਡੀਅਨਜ਼ ਦੇ ਬੱਚੇ ਨਾ ਹੋਣ ਵਿੱਚ ਵਿੱਤੀ ਸਮਰੱਥਾ ਸੰਬੰਧੀ ਚਿੰਤਾਵਾਂ ਇੱਕ ਪ੍ਰਮੁੱਖ ਕਾਰਕ ਸਨ।
ਸਟੈਟਿਸਟਿਕਸ ਕੈਨੇਡਾ (ਨਵੀਂ ਵਿੰਡੋ) ਦੇ ਅਨੁਸਾਰ, 2022 ਵਿੱਚ, 38 ਪ੍ਰਤੀਸ਼ਤ ਨੌਜਵਾਨ ਬਾਲਗਾਂ (20 ਤੋਂ 29 ਸਾਲ ਦੀ ਉਮਰ ਦੇ) ਨੂੰ ਉਮੀਦ ਨਹੀਂ ਸੀ ਲੱਗਦੀ ਕਿ ਉਹ ਅਗਲੇ ਤਿੰਨ ਸਾਲਾਂ ਵਿੱਚ ਬੱਚਾ ਪੈਦਾ ਕਰਨ ਦਾ ਸੋਚਣਗੇ।
ਅਬੇਕਸ ਡੇਟਾ ਅਤੇ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ (CREA) ਦੁਆਰਾ ਕੀਤੇ ਗਏ ਅਧਿਐਨ ਲਈ ਪਿਛਲੇ ਸਾਲ ਸਰਵੇਖਣ ਕੀਤੇ ਗਏ 18 ਤੋਂ 34 ਸਾਲ ਦੀ ਉਮਰ ਦੇ ਅੱਧੇ (55 ਪ੍ਰਤੀਸ਼ਤ) ਕੈਨੇਡੀਅਨਜ਼ ਨੇ ਕਿਹਾ ਕਿ ਹਾਊਸਿੰਗ ਸੰਕਟ ਨੇ ਪਰਿਵਾਰ ਸ਼ੁਰੂ ਕਰਨ ਦੇ ਉਨ੍ਹਾਂ ਦੇ ਫੈਸਲੇ ਅਤੇ ਸਮੇਂ ਨੂੰ ਪ੍ਰਭਾਵਿਤ ਕੀਤਾ ਹੈ। ਸਤੰਬਰ 2023 ਦੇ ਅੰਤ ਵਿੱਚ ਕੀਤੇ ਇਸ ਅਧਿਐਨ ਵਿਚ 3,500 ਕੈਨੇਡੀਅਨ ਬਾਲਗਾਂ ਨਾਲ ਗੱਲ ਕੀਤੀ ਗਈ ਸੀ।
ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਉਸ ਉਮਰ ਦੇ 28 ਪ੍ਰਤੀਸ਼ਤ ਲੋਕ ਜੋ ਬੱਚੇ ਚਾਹੁੰਦੇ ਸਨ, ਹਾਊਸਿੰਗ ਅਫੋਰਡੇਬਿਲਿਟੀ ਦੇ ਕਾਰਨ ਅਸਥਾਈ ਤੌਰ ‘ਤੇ ਅਜਿਹਾ ਕਰਨ ਨੂੰ ਮੁਲਤਵੀ ਕਰ ਰਹੇ ਸਨ। ਅਤੇ 27 ਪ੍ਰਤੀਸ਼ਤ ਨੇ ਇਸੇ ਕਾਰਨ ਕਰਕੇ ਘੱਟ ਬੱਚੇ ਜਾਂ ਬੱਚਾ ਹੀ ਨਾ ਹੋਣ ਦੀ ਚੋਣ ਕੀਤੀ ਸੀ।