ਬ੍ਰਿਟੇਨ ਵਿੱਚ ਆਮ ਚੋਣਾਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਸਾਖ਼ ਦਾਅ ’ਤੇ
ਲੰਡਨ: ਬ੍ਰਿਟੇਨ ’ਚ ਆਮ ਚੋਣਾਂ ਲਈ ਵੀਰਵਾਰ ਨੂੰ ਵੋਟਾਂ ਪਾਈਆਂ। ਇਨ੍ਹਾਂ ਚੋਣਾਂ ’ਚ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਸਾਖ਼ ਦਾਅ ’ਤੇ ਲੱਗੀ ਹੋਈ ਹੈ। ਸੂਨਕ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਵੋਟਰਾਂ ਨੂੰ ਸੁਨੇਹਾ ਦਿੱਤਾ ਕਿ ਉਹ ਲੇਬਰ ਪਾਰਟੀ ਦੇ ‘ਸੁਪਰ ਬਹੁਮਤ’ ਨੂੰ ਰੋਕਣ ਲਈ ਹੰਭਲਾ ਮਾਰਨ। ਉਂਜ ਸੂਨਕ ਦੀ ਪਾਰਟੀ ਕੰਜ਼ਰਵੇਟਿਵ ਦੇ ਜ਼ਿਆਦਾਤਰ ਆਗੂਆਂ ਦੇ ਹੌਸਲੇ ਡਿੱਗੇ ਹੋਏ ਹਨ।
ਸੂਨਕ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਜੇ ਟੈਕਸਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਲੇਬਰ ਨੂੰ ਬਹੁਮਤ ’ਚ ਆਉਣ ਤੋਂ ਰੋਕਣ ਦੀ ਲੋੜ ਹੈ। ਇਸ ਦਾ ਇਕੋ ਇਕ ਰਾਹ ਇਹ ਹੈ ਕਿ ਭਲਕੇ ਕੰਜ਼ਰਵੇਟਿਵ ਪਾਰਟੀ ਦੇ ਹੱਕ ’ਚ ਵਧ ਤੋਂ ਵਧ ਵੋਟ ਭੁਗਤਾਓ।’’ ਰੁਝਾਨਾਂ ’ਚ ਕੀਰ ਸਟਾਰਮਰ ਦੀ ਅਗਵਾਈ ਹੇਠਲੀ ਲੇਬਰ ਪਾਰਟੀ ਤੋਂ ਬਹੁਤ ਪਿੱਛੇ ਚਲ ਰਹੇ ਬ੍ਰਿਟਿਸ਼-ਭਾਰਤੀ ਆਗੂ ਸੂਨਕ ਅਤੇ ਉਨ੍ਹਾਂ ਦੀ ਟੀਮ ਦੀ ਰਣਨੀਤੀ ਇਹ ਜਾਪਦੀ ਹੈ ਕਿ ਉਹ ਆਪਣੇ ਰਵਾਇਤੀ ਵੋਟਰਾਂ ਨੂੰ ਵਧ ਤੋਂ ਵਧ ਪੋਲਿੰਗ ਬੂਥਾਂ ਤੱਕ ਪਹੁੰਚਣ ਦਾ ਸੁਨੇਹਾ ਦੇਣ ਤਾਂ ਜੋ ਸੰਭਾਵਿਤ ਹਾਰ ਦੇ ਫ਼ਰਕ ਨੂੰ ਘੱਟ ਕੀਤਾ ਜਾ ਸਕੇ।
ਸੂਨਕ ਦੇ ਇਕ ਮੰਤਰੀ ਮੈੱਲ ਸਟਰਾਈਡ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਹਾਰ ਸਵੀਕਾਰ ਕਰਦਿਆਂ ਕਿਹਾ ਕਿ ਭਲਕੇ ਲੇਬਰ ਪਾਰਟੀ ਦੀ ਹੂੰਝਾ-ਫੇਰ ਜਿੱਤ ਦੇਖਣ ਨੂੰ ਮਿਲ ਸਕਦੀ ਹੈ। ਉਸ ਨੇ ਕਿਹਾ ਕਿ ਲੇਬਰ ਨੂੰ 1997 ਤੋਂ ਵੀ ਵੱਡਾ ਬਹੁਮਤ ਮਿਲ ਸਕਦਾ ਹੈ।