ਭਾਰਤ ਨੇ ਦਿੱਤਾ ਦਖ਼ਲ ਤਾਂ ਭਾਰਤੀ ਮਜ਼ਦੂਰ ਸਤਨਾਮ ਦੀ ਮੌਤ ਦਾ ਜ਼ਿੰਮੇਵਾਰ ਮਾਲਕ ਗ੍ਰਿਫ਼ਤਾਰ
Italy: ਇਟਾਲੀਅਨ ਪੁਲਿਸ ਨੇ ਖੇਤੀ ਯੰਤਰ ਨਾਲ ਹੱਥ ਕੱਟਣ ਕਾਰਨ ਹੋਈ 31 ਸਾਲਾ ਭਾਰਤੀ ਮਜ਼ਦੂਰ ਦੀ ਮੌਤ ਦੇ ਮਾਮਲੇ ‘ਚ ਖੇਤ ਦੇ ਮਾਲਕ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ। ਸਰਕਾਰੀ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ।
ਖੇਤ ਮਾਲਕ ਨੇ ਖੂਨ ਨਾਲ ਲੱਥਪੱਥ ਮਜ਼ਦੂਰ ਨੂੰ ਇਸੇ ਤਰ੍ਹਾਂ ਹੀ ਛੱਡ ਦਿੱਤਾ ਸੀ ਤੇ ਐਂਬੂਲੈਂਸ ਤਕ ਨੂੰ ਫੋਨ ਨਹੀਂ ਕੀਤਾ। ਜ਼ਿਆਦਾ ਖੂਨ ਵਹਿਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ, ਜਦੋਂ ਮਜ਼ਦੂਰ ਪਿਛਲੇ ਮਹੀਨੇ ਰੋਮ ਦੇ ਨੇੜੇ ਲਾਜ਼ੀਓ ਵਿਚ ਮਸ਼ੀਨ ਨਾਲ ਸਟ੍ਰੋਬੇਰੀ ਤੋੜ ਰਿਹਾ ਸੀ। ਮਜ਼ਦੂਰ ਦੀ ਦੋ ਦਿਨ ਬਾਅਦ ਰੋਮ ਦੇ ਹਸਪਤਾਲ ਵਿਚ ਮੌਤ ਹੋ ਗਈ, ਜਿੱਥੇ ਉਸ ਨੂੰ ਏਅਰਲਿਫਟ ਕੀਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੇ ਮੰਗਲਵਾਰ ਨੂੰ ਕਥਿਤ ਗੈਂਗਮਾਸਟਰ ਐਂਟੋਨੇਲੋ ਲੋਵਾਟੋ ਨੂੰ ਸਿੰਘ ਦੇ ਕਤਲ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਹੈ।
ਲਾਤੀਨਾ ਦੇ ਵਕੀਲਾਂ ਨੇ ਇਕ ਬਿਆਨ ਵਿਚ ਕਿਹਾ ਕਿ ਕੈਰਾਬਿਨੇਰੀ ਪੁਲਿਸ ਨੇ ਫਾਰਮ ਦੇ ਮਾਲਕ ਐਂਟੋਨੇਲੋ ਲੋਵਾਟੋ ਨੂੰ ਗ੍ਰਿਫਤਾਰ ਕਰ ਲਿਆ ਹੈ। ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਿੰਘ ਦੀ ਮੌਤ ‘ਬਹੁਤ ਜ਼ਿਆਦਾ ਖੂਨ ਵਹਿਣ’ ਕਾਰਨ ਹੋਈ ਹੈ। ਵਕੀਲਾਂ ਨੇ ਕਿਹਾ ਕਿ ਫੋਰੈਂਸਿਕ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਜੇ ਸਿੰਘ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲਦੀ ਤਾਂ ਉਹ ‘ਸ਼ਾਇਦ’ ਬਚ ਜਾਂਦਾ। ਸਿੰਘ ਦਾ ਹੱਥ ਇੱਕ ਨਾਈਲੋਨ-ਰੈਪਿੰਗ ਮਸ਼ੀਨ ਵਿੱਚ ਫਸਣ ਤੋਂ ਬਾਅਦ ਕੱਟਿਆ ਗਿਆ ਸੀ ਪਰ ਲੋਵਾਟੋ ਨੇ ਤੁਰੰਤ ਐਂਬੂਲੈਂਸ ਨੂੰ ਨਹੀਂ ਬੁਲਾਇਆ।