Indian Army: ਲੱਦਾਖ ‘ਚ ਨਦੀ ‘ਚ ਫਸਿਆ ਟੈਂਕ, 5 ਜਵਾਨ ਹੋਏ ਸ਼ਹੀਦ, ਰੱਖਿਆ ਮੰਤਰੀ ਨੇ ਜਤਾਇਆ ਦੁੱਖ
Leh ਲੱਦਾਖ: ਲੱਦਾਖ ਦੇ ਨਯੋਮਾ-ਚੁਸ਼ੂਲ ਇਲਾਕੇ ‘ਚ ਲਾਈਨ ਆਫ ਐਕਚੂਅਲ ਕੰਟਰੋਲ (LAC) ਨੇੜੇ ਸ਼ਿਓਕ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਫੌਜ ਦੇ 5 ਜਵਾਨ ਰੁੜ੍ਹ ਗਏ। ਸਾਰਿਆਂ ਦੀ ਮੌਤ ਹੋ ਗਈ। ਉਨ੍ਹਾਂ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਵੀ ਸੀ। ਇਹ ਘਟਨਾ ਸ਼ੁੱਕਰਵਾਰ (28 ਜੂਨ) ਸਵੇਰੇ ਕਰੀਬ 1 ਵਜੇ ਦੀ ਹੈ। ਇਹ ਜਾਣਕਾਰੀ ਸ਼ਨੀਵਾਰ (29 ਜੂਨ) ਨੂੰ ਸਾਹਮਣੇ ਆਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਲੱਦਾਖ ਵਿਚ ਵਾਪਰੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ।
ਸਮਾਚਾਰ ਏਜੰਸੀ ਮੁਤਾਬਕ ਫੌਜੀ ਅਭਿਆਸ ਤੋਂ ਬਾਅਦ ਦੇਰ ਰਾਤ ਫੌਜ ਦੇ ਜਵਾਨ ਟੀ-72 ਟੈਂਕ ਵਿਚ ਸਵਾਰ ਹੋ ਕੇ ਵਾਪਸ ਪਰਤ ਰਹੇ ਸਨ। ਫੌਜੀ ਟੈਂਕ ਪੂਰਬੀ ਲੱਦਾਖ ਦੇ ਸਾਸੇਰ ਬ੍ਰਾਂਗਸਾ ਵਿੱਚ ਸ਼ਿਓਕ ਨਦੀ ਨੂੰ ਪਾਰ ਕਰ ਰਿਹਾ ਸੀ, ਜਦੋਂ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਅਤੇ ਟੈਂਕ ਸਮੇਤ ਸੈਨਿਕ ਨਦੀ ਵਿੱਚ ਡੁੱਬਣ ਲੱਗੇ। ਲੇਹ ਦੀ ਫਾਇਰ ਐਂਡ ਫਿਊਰੀ 14 ਕੋਰ ਦੇ ਅਨੁਸਾਰ, ਇਹ ਹਾਦਸਾ LAC ਦੇ ਚੁਸ਼ੂਲ ਤੋਂ 148 ਕਿਲੋਮੀਟਰ ਦੂਰ ਮੰਦਰ ਮੋੜ ਨੇੜੇ ਵਾਪਰਿਆ।
ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਪਰ ਦਰਿਆ ‘ਚ ਤੇਜ਼ ਵਹਾਅ ਅਤੇ ਪਾਣੀ ਦਾ ਪੱਧਰ ਵਧਣ ਕਾਰਨ ਜਵਾਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪੰਜ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ਦੀ ਪਛਾਣ ਰਿਸਾਲਦਾਰ ਐਮਆਰ ਕੇ ਰੈੱਡੀ, ਦਫ਼ਾਦਾਰ ਭੂਪੇਂਦਰ ਨੇਗੀ, ਲਾਂਸ ਦਫ਼ਾਦਾਰ ਅਕਦੁਮ ਤੈਯਬਮ, ਹੌਲਦਾਰ ਏ ਖ਼ਾਨ ਅਤੇ ਨਾਗਰਾਜ ਪੀ. ਵਜੋਂ ਹੋਈ ਹੈ।
ਇਸ ਹਾਦਸੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਐਕਸ ‘ਤੇ ਲਿਖਿਆ- ਅਸੀਂ ਦੇਸ਼ ਲਈ ਆਪਣੇ ਬਹਾਦਰ ਸੈਨਿਕਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗੇ। ਕਾਂਗਰਸ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਐਕਸ ‘ਤੇ ਲਿਖਿਆ- ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ।