Google Translate: ਗੂਗਲ ਟ੍ਰਾਂਸਲੇਟ ’ਚ ਸ਼ਾਹਮੁਖੀ ਨੂੰ ਮਿਲੀ ਥਾਂ, ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੀ ਨੇੜਤਾ ਵਧਾਉਣ ‘ਚ ਸਹਾਈ
Patiala ਪਟਿਆਲਾ: ਗੂਗਲ ਨੇ ਹੁਣ ਆਪਣੇ ਗੂਗਲ ਟ੍ਰਾਂਸਲੇਟ ਟੂਲ ਵਿਚ ਸ਼ਾਹਮੁਖੀ ਲਿੱਪੀ ਨੂੰ ਵੀ ਸ਼ਾਮਲ ਕੀਤਾ ਹੈ। ਜਿਸ ਨਾਲ ਸ਼ਾਹਮੁਖੀ ਨੂੰ ਕਿਸੇ ਵੀ ਹੋਰ ਭਾਸ਼ਾ ਵਿਚ ਪੜ੍ਹਨਾ ਸੌਖਾ ਹੋ ਗਿਆ ਹੈ। ‘ਗੂਗਲ ਟਰਾਂਸਲੇਟ’ ਨੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੇ ਸੰਸਾਰ ਨੂੰ ਜੋੜਨ ਤੇ ਬਿਹਤਰ ਢੰਗ ਨਾਲ ਸਮਝਣ ਵਿਚ ਮਦਦ ਕਰਨ ਲਈ ਭਾਸ਼ਾ ਦੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਵੱਡਾ ਉਪਰਾਲਾ ਕੀਤਾ ਹੈ। ਗੂਗਲ ਟਰਾਂਸਲੇਟ ਟੂਲ ਵਿਚ ਪੰਜਾਬੀ ਸ਼ਾਹਮੁਖੀ ਸਮੇਤ 100 ਤੋਂ ਵੱਧ ਭਾਸ਼ਾਵਾਂ ਨੂੰ ਸੂਚੀਬੱਧ ਕੀਤਾ ਹੈ, ਜੋਕਿ ਹੁਣ ਤੱਕ ਦਾ ਸਭ ਤੋਂ ਵੱਡਾ ਵਿਸਥਾਰ ਮੰਨਿਆ ਜਾ ਰਿਹਾ ਹੈ। ਜਿਸ ’ਚ ਪੰਜਾਬੀ ਸ਼ਾਹਮੁਖੀ ਦਾ ਸ਼ਾਮਲ ਹੋਣਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਲਈ ਸਭ ਤੋਂ ਅਹਿਮ ਹੈ।
ਲਹਿੰਦੇ ਪੰਦਾਬ ਵਿਚ ਪੰਜਾਬੀ ਨੂੰ ਪਰਸੋ-ਅਰਬੀ ਲਿੱਪੀ ਵਿਚ ਲਿਖਿਆ ਜਾਂਦਾ ਹੈ ਜਿਸਨੂੰ ਸ਼ਾਹਮੁਖੀ ਕਹਿੰਦੇ ਹਨ। ਪੰਜਾਬੀ ਪਾਕਿਸਤਾਨ ’ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਬੋਲਣ ਵਾਲੇ ਭਾਈਚਾਰੇ ਲਈ ਇਹ ਇਕ ਮਹੱਤਵਪੂਰਨ ਮੀਲ ਪੱਥਰ ਹੈ। ਗੂਗਲ ਟ੍ਰਾਂਸਲੇਟ ਵਿਚ ਸ਼ਾਹਮੁਖੀ ਨੂੰ ਜੋੜਨਾ ਇਕ ਵੱਡੀ ਤਰੱਕੀ ਨੂੰ ਦਰਸਾਉਂਦਾ ਹੈ, ਜਿਸ ਨਾਲ ਇਹ ਲਿਪੀ ਵੱਡੀ ਗਿਣਤੀ ਲੋਕਾਂ ਤੱਕ ਵਧੇਰੇ ਪਹੁੰਚਯੋਗ ਹੋਵੇਗੀ।
ਗੂਗਲ ਟ੍ਰਾਂਸਲੇਟ ’ਚ ਸ਼ਾਹਮੁਖੀ ਨੂੰ ਮਿਲੀ ਥਾਂ, ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੀ ਨੇੜਤਾ ਵਧਾਉਣ ‘ਚ ਸਹਾਈ ਹੋਵੇਗਾ ਗੂਗਲ ਦਾ ਕਦਮਗੂਗਲ ਟ੍ਰਾਂਸਲੇਟ ’ਚ ਸ਼ਾਹਮੁਖੀ ਨੂੰ ਮਿਲੀ ਥਾਂ, ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੀ ਨੇੜਤਾ ਵਧਾਉਣ ‘ਚ ਸਹਾਈ ਹੋਵੇਗਾ ਗੂਗਲ ਦਾ ਕਦਮ
ਭਾਸ਼ਾ ਤਕਨੀਕ ਮਾਹਿਰ ਡਾ. ਗੁਰਪ੍ਰੀਤ ਲਹਿਲ ਦਾ ਕਹਿਣਾ ਹੈ ਕਿ 20 ਸਾਲਾਂ ਤੋਂ ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਨ ਟੂਲ ਟੈਕਸਟ ਨੂੰ ਸ਼ਾਹਮੁਖੀ ਵਿਚ ਬਦਲਣ ਦਾ ਇੱਕੋ ਇਕ ਆਨਲਾਈਨ ਸਰੋਤ ਰਿਹਾ ਹੈ। ਹੁਣ ਗੂਗਲ ਟਰਾਂਸਲੇਟ ਸ਼ਾਹਮੁਖੀ ਦਾ ਸਮਰਥਨ ਕਰ ਰਿਹਾ ਹੈ। ਅਸੀਂ ਦੁਨੀਆ ਭਰ ਦੇ ਪੰਜਾਬੀ ਬੋਲਣ ਵਾਲਿਆਂ ਵਿਚਕਾਰ ਸੰਪਰਕ ਤੇ ਸਮਝ ਵਧਣ ਦੀ ਉਮੀਦ ਕਰ ਸਕਦੇ ਹਾਂ। ਇਸ ਨਾਲ ਸਾਡਾ ਭਾਈਚਾਰਕ ਅਤੇ ਸੱਭਿਆਚਾਰਕ ਤਾਣਾ-ਬਾਣੀ ਹੋਰ ਅਮੀਰ ਹੋਵੇਗਾ।
ਭਾਸ਼ਾ ਵਿਭਾਗ ਡਾਇਰੈਕਟਰ ਜਸਵਿੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਸ਼ਾਹਮੁਖੀ ਦਾ ਗੂਗਲ ਲਿਪੀਆਂਤਰ ਵਿਚ ਸ਼ਾਮਲ ਹੋਣਾ ਸਾਹਿਤਕ ਪੱਖੋਂ ਦੋਵੇਂ ਪੰਜਾਬਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਪੰਜਾਬੀ ਹੁੰਦੇ ਹੋਏ ਵੀ ਦੋ ਲਿੱਪੀਆਂ ਵਿਚ ਵੰਡੇ ਹੋਣ ਕਰਕੇ ਲਹਿੰਦੇ ਤੇ ਚੜ੍ਹਦੇ ਪੰਜਾਬ ’ਚ ਮਹਿਸੂਸ ਹੋ ਰਹੀ ਦੂਰੀ ਵੀ ਖ਼ਤਮ ਹੋਵੇਗੀ। ਸਾਹਿਤ ਦੇ ਵੱਡੇ ਭੰਡਾਰ ਦਾ ਦੋਵੇਂ ਪੰਜਾਬਾਂ ਵਿਚ ਅਦਾਨ ਪ੍ਰਦਾਨ ਹੋ ਸਕੇਗਾ।
ਉਰਦੂ ਦੇ ਮਸ਼ਹੂਰ ਸ਼ਾਇਰ ਤੇ ਗੁਰਮੁਖੀ ਤੋਂ ਸ਼ਾਹਮੁਖੀ ਵਿਚ ਅਨੁਵਾਦ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਸ਼ੈਦਾ ਦਾ ਕਹਿਣਾ ਹੈ ਕਿ ਗੂਗਲ ਲਿਪੀਆਂਤਰ ਵਿਚ ਸ਼ਾਹਮੁਖੀ ਦਾ ਸ਼ਾਮਲ ਹੋਣਾ ਬਹੁਤ ਵੱਡੀ ਗੱਲ ਹੈ। ਇਸ ਨਾਲ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸਾਹਿਤ ਦਾ ਕੈਨਵਸ ਹੋਰ ਵਿਸ਼ਾਲ ਹੋਵੇਗਾ। ਸ਼ਾਹਮੁਖੀ ’ਚ ਉੱਚ ਪੱਧਰੀ ਸਾਹਿਤ ਰਚਿਆ ਗਿਆ ਹੈ ਤੇ ਰਚਿਆ ਜਾ ਰਿਹਾ ਹੈ, ਜਿਸ ਤੋਂ ਹੁਣ ਅਸੀਂ ਸਭ ਜਾਣੂ ਹੋ ਸਕਾਂਗੇ। ਗੂਗਲ ਦਾ ਇਹ ਟੂਲ ਗੁਰਮੁਖੀ ਤੇ ਸ਼ਾਹਮੁਖੀ ਸਾਹਿਤ ਲਈ ਪੁਲ਼ ਦਾ ਕੰਮ ਕਰੇਗਾ।