ਅਮਰੀਕਾ ’ਚ 2.75 ਅਰਬ ਡਾਲਰ ਦੇ ਹੈਲਥ ਕੇਅਰ ਧੋਖਾਧੜੀ ’ਚ ਤਿੰਨ ਭਾਰਤਵੰਸ਼ੀਆਂ ਸਣੇ 193 ਮੈਡੀਕਲ ਪੇਸ਼ੇਵਰਾਂ ’ਤੇ ਦੋਸ਼
ਵਾਸ਼ਿੰਗਟਨ : ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ ਦੇਸ਼ ਵਿਚ ਵੱਡੇ ਪੈਮਾਨੇ ’ਤੇ ਹੈਲਥ ਕੇਅਰ ਯੋਜਨਾਵਾਂ ਦੀ ਧੋਖਾਧੜੀ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਇਕ ਭਾਰਤੀ ਅਤੇ ਦੋ ਭਾਰਤੀ ਮੂਲ ਦੇ ਵਿਅਕਤੀਆਂ ਸਣੇ 193 ਮੈਡੀਕਲ ਪੇਸ਼ੇਵਰਾਂ ’ਤੇ ਮਹਾਦੋਸ਼ ਲਗਾਇਆ ਗਿਆ ਹੈ। ਯੋਜਨਾਵਾਂ ਵਿਚ ਧੋਖਾਧੜੀ ਨਾਲ ਲਗਪਗ 2.75 ਅਰਬ ਡਾਲਰ ਦਾ ਪ੍ਰਭਾਵੀ ਅਤੇ 1.6 ਅਰਬ ਡਾਲਰ ਦਾ ਅਸਲ ਨੁਕਸਾਨ ਹੋਇਆ ਹੈ।
ਨਿਆਂ ਵਿਭਾਗ ਨੇ ਵੀਰਵਾਰ ਨੂੰ 2024 ਨੈਸ਼ਨਲ ਹੈਲਥ ਕੇਅਰ ਧੋਖਾਧੜੀ ਇਨਫੋਰਸਮੈਂਟ ਕਾਰਵਾਈ ਦਾ ਐਲਾਨ ਕੀਤਾ ਹੈ। ਇਸ ਤਹਿਤ ਅਮਰੀਕਾ ਭਰ ਦੇ 32 ਜ਼ਿਲ੍ਹਿਆਂ ਵਿਚ 76 ਡਾਕਟਰਾਂ, ਨਰਸਾਂ ਅਤੇ ਹੋਰ ਲਾਈਸੈਂਸ ਹਾਸਲ ਮੈਡੀਕਲ ਮਾਹਰਾਂ ਸਣੇ 193 ਲੋਕਾਂ ਖ਼ਿਲਾਫ਼ ਅਪਰਾਧਿਕ ਦੋਸ਼ ਦਾਇਰ ਕੀਤੇ ਗਏ। ਨਿਆਂ ਵਿਭਾਗ ਨੇ ਕਿਹਾ ਕਿ ਮਾਮਲੇ ਵਿਚ 23 ਕਰੋੜ ਡਾਲਰ ਨਕਦੀ ਨਾਲ ਹੀ ਲਗਜ਼ਰੀ ਗੱਡੀਆਂ, ਸੋਨਾ ਅਤੇ ਹੋਰ ਸਾਮਾਨ ਜ਼ਬਤ ਕੀਤੇ ਗਏ ਹਨ।
ਮਹਾਦੋਸ਼ ਮੁਤਾਬਕ, ਹੈਦਰਾਬਾਦ ਦੇ 52 ਸਾਲਾ ਡਾ. ਵਿਜਿਲ ਰਾਹੁਲਨ ਦੇ ਧੋਖਾਧੜੀ ਆਚਰਨ ਨਾਲ ਮੈਡੀਕੇਅਰ ਨੂੰ 2.87 ਕਰੋੜ ਡਾਲਰ ਦਾ ਭੁਗਤਾਨ ਕਰਨਾ ਪਿਆ। ਇਸ ਤੋਂ ਇਲਾਵਾ ਵਰਜੀਨੀਆ ਅਤੇ ਕੋਲੰਬੀਆ ਜ਼ਿਲ੍ਹੇ ਵਿਚ ਤਾਇਨਾਤ 59 ਸਾਲਾ ਮਨੋਰੋਗ ਮਾਹਰ ਰਾਮਾ ਪ੍ਰਯਾਗਾ ’ਤੇ ਸਿਹਤ ਬੀਮਾ ਕੰਪਨੀਆਂ ਨਾਲ 2.71 ਕਰੋੜ ਡਾਲਰ ਦੀ ਧੋਖਾਧੜੀ ਦਾ ਦੋਸ਼ ਹੈ। ਉੱਥੇ, ਵਨ ਵਰਡ ਥੈਰੇਪੀ ਦੇ ਮਾਲਿਕ ਜਸਪ੍ਰੀਤ ਜਗਪਾਲ ਵਿਰੁੱਧ ਸਿਹਤ ਬੀਮਾ ’ਤੇ ਧੋਖਾਧੜੀ ਤੇ ਗ਼ਲਤ ਬਿੱਲ ਬਣਾਉਣ ਦਾ ਦੋਸ਼ ਹੈ। ਇਸ ਨਾਲ 10 ਮਹੀਨੇ ਵਿਚ ਇਕ ਲੱਖ ਡਾਲਰ ਦਾ ਨੁਕਸਾਨ ਹੋਇਆ ਹੈ।