T-20 ਵਰਲਡ ਕੱਪ: ਇੰਗਲੈਂਡ ਨੂੰ ਹਰਾ ਕੇ ਫਾਈਨਲ ‘ਚ ਪਹੁੰਚਿਆ ਭਾਰਤ, ਦੱਖਣੀ ਅਫਰੀਕਾ ਨਾਲ ਫਾਈਨਲ ਮੁਕਾਬਲਾ 29 ਜੂਨ ਨੂੰ
New Delhi: ਭਾਰਤ ਨੇ ਟੀ-20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾ ਲਈ ਹੈ। ਇਸ ਦੇ ਨਾਲ ਭਾਰਤ ਨੇ ਟੀ-20 ਵਰਲਡ ਕੱਪ 2022 ਦੇ ਸੈਮੀਫਾਈਨਲ ਵਿਚ ਇੰਗਲੈਂਡ ਦੇ ਹੱਥੋਂ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ। ਇਸ ਮਹਾਮੁਕਾਬਲੇ ਵਿਚ ਭਾਰਤ ਨੇ ਇੰਗਲੈਂਡ ਨੂੰ 68 ਦੌੜਾਂ ਤੋਂ ਹਰਾਇਆ। ਹੁਣ 29 ਜੂਨ ਨੂੰ ਫਾਈਨਲ ਮੈਚ ਵਿਚ ਭਾਰਤੀ ਟੀਮ ਦਾ ਸਾਹਮਣਾ ਸਾਊਥ ਅਫਰੀਕਾ ਨਾਲ ਹੋਵੇਗਾ।
ਆਈਸੀਸੀ ਟੀ-20 ਵਰਲਡ ਕੱਪ 2024 ਦਾ ਦੂਜਾ ਸੈਮੀਫਾਈਨਲ ਮੁਕਾਬਲਾ ਭਾਰਤ ਤੇ ਇੰਗਲੈਂਡ ਵਿਚ ਖੇਡਿਆ ਗਿਆ। ਟੀਮ ਇੰਡੀਆ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਇਸ ਮੁਕਾਬਲੇ ਵਿਚ ਰੋਹਿਤ ਸ਼ਰਮਾ ਨੇ 39 ਗੇਂਦਾਂ ‘ਤੇ 57 ਦੌੜਾਂ ਬਣਾਈਆਂ। ਰੋਹਿਤ ਨੇ 6 ਚੌਕੇ ਤੇ 2 ਛੱਕੇ ਲਗਾਏ। ਰੋਹਿਤ ਸ਼ਰਮਾ ਤੋਂ ਇਲਾਵਾ ਸੂਰਯਕੁਮਾਰ ਯਾਦਵ ਨੇ 36 ਗੇਂਦਾਂ ‘ਤੇ 47 ਦੌੜਾਂ ਬਣਾਈਆਂ। ਹਾਰਦਿਕ ਪਾਂਡੇ ਨੇ ਵੀ 13 ਗੇਂਦਾਂ ‘ਤੇ 23 ਦੌੜਾਂ ਬਣਾਈਆਂ ਜਦੋਂ ਕਿ ਰਵਿੰਦਰ ਜਡੇਜਾ ਨਾਟਆਊਟ ਰਹੇ ਤੇ ਅਕਸ਼ਰ ਪਟੇਲ ਨੇ ਵੀ ਨਾਟਆਊਟ 10 ਦੌੜਾਂ ਦੀ ਪਾਰੀ ਖੇਡੀ।
ਭਾਰਤੀ ਬੱਲੇਬਾਜ਼ਾਂ ਦੇ ਬਾਅਦ ਗੇਂਦਬਾਜ਼ਾਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਅਕਸ਼ਰ-ਕੁਲਦੀਪ ਦੀ ਫਿਰਕੀ ਵਿਚ ਫਸ ਗਈ ਤੇ ਸਿਰਫ 103 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਅਕਸ਼ਰ ਤੇ ਕੁਲਦੀਪ ਯਾਦਵ ਨੇ ਮੈਚ ਵਿਚ 3-3 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ ਵੀ ਇਕ ਵਿਕਟ ਆਪਣੇ ਨਾਂ ਕੀਤੀ।
ਭਾਰਤ ਨੇ ਟੀ-20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਟੀਮ ਇੰਡੀਆ ਤੀਜੀ ਵਾਰ ਟੀ-20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਖੇਡੇਗੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸਾਲ 2014 ਵਿਚ ਫਾਈਨਲ ਵਿਚ ਪਹੁੰਚਣ ਵਿਚ ਕਾਮਯਾਬ ਰਹੀ ਸੀ ਪਰ ਖਿਤਾਬ ਜਿੱਤਣ ਤੋਂ ਚੂਕ ਗਿਆ ਸੀ। ਦਰਅਸਲ ਫਾਈਨਲ ਵਿਚ ਭਾਰਤ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ ਸਾਲ 2007 ਵਿਚ ਟੀਮ ਇੰਡੀਆ ਨੇ ਪਹਿਲੀ ਵਾਰ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਸੀ। ਇਸ ਦੌਰਾਨ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬ ‘ਤੇ ਕਬਜ਼ਾ ਕੀਤਾ ਸੀ।