ਕੈਨੇਡਾ ’ਚ ਅਤਿਵਾਦ ਦੀ ਵਡਿਆਈ ਕਰਨ ਵਾਲੀਆਂ ਕਾਰਵਾਈਆਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ: ਭਾਰਤੀ ਹਾਈ ਕਮਿਸ਼ਨ
ਓਟਵਾ: ਭਾਰਤ ਨੇ ਕੈਨੇਡਾ ਵਿੱਚ ਅਤਿਵਾਦ ਦੀ ਵਡਿਆਈ ਕਰਨ ਵਾਲੀਆਂ ਕਾਰਵਾਈਆਂ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ‘ਮੰਦਭਾਗਾ’ ਹੈ ਕਿ ਇੱਥੇ ਕਈ ਮੌਕਿਆਂ ’ਤੇ ਅਜਿਹੀਆਂ ਕਾਰਵਾਈਆਂ ਦੀ ‘ਨਿੱਤ’ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਸਾਰੇ ਸ਼ਾਂਤੀਪਸੰਦ ਦੇਸ਼ਾਂ ਅਤੇ ਲੋਕਾਂ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ।
ਭਾਰਤੀ ਹਾਈ ਕਮਿਸ਼ਨ ਨੇ 1985 ਦੇ ਜੂਨੀਅਰ ਬੰਬ ਧਮਾਕੇ ਦੀ 39ਵੀਂ ਵਰ੍ਹੇਗੰਢ ‘ਤੇ ਬਿਆਨ ਵਿੱਚ ਕਿਹਾ ਕਿ ਅਤਿਵਾਦ ਦੀ ਕੋਈ ਸਰਹੱਦ, ਕੌਮੀਅਤ ਜਾਂ ਨਸਲ ਨਹੀਂ ਹੁੰਦੀ। ਇਸ ਘਟਨਾ ‘ਚ 329 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸਨ। ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ ਦੀ ‘ਕਨਿਸ਼ਕ’ ਫਲਾਈਟ ਨੰਬਰ 182 ਵਿੱਚ 23 ਜੂਨ 1985 ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਉਤਰਨ ਤੋਂ 45 ਮਿੰਟ ਪਹਿਲਾਂ ਧਮਾਕਾ ਹੋ ਗਿਆ ਸੀ, ਜਿਸ ਵਿੱਚ 86 ਬੱਚਿਆਂ ਸਮੇਤ ਸਵਾਰ ਸਾਰੇ 329 ਲੋਕ ਮਾਰੇ ਗਏ ਸਨ।