Punjabi NRI: ਇਟਲੀ ਦੀਆਂ ਨਗਰ ਕੌਂਸਲ ਚੋਣਾਂ ਪਹਿਲੀ ਵਾਰ ਕੋਈ ਸਿੱਖ ਬੀਬੀ ਲੜੀ , ਸ਼ਾਨਦਾਰ ਜਿੱਤ
Itlay: ਪੂਰੀ ਦੁਨੀਆਂ ‘ਚ ਨਸਲੀ ਭੇਦਭਾਵ ਕਾਰਨ ਸਥਾਨਕ ਕੁਝ ਲੋਕ ਅਕਸਰ ਪ੍ਰਵਾਸੀਆਂ ਨੂੰ ਨੀਵਾਂ ਦਿਖਾਉੁਣ ਅਤੇ ਉਨ੍ਹਾਂ ਦੀ ਅਕਸ ਖ਼ਰਾਬ ਕਰਨ ਲਈ ਗਲਤ ਪ੍ਰਚਾਰ ਕਰਦੇ ਹਨ। ਅਜਿਹਾ ਹੀ ਮਾਹੌਲ ਇਟਲੀ ਦੇ ਲੰਬਾਰਦੀਆ ਸੂਬੇ ਸ਼ਹਿਰ ਦੇ ਸ਼ਹਿਰ ਸੁਜ਼ਾਰਾ (ਮਾਨਤੋਵਾ) ਵਿਖੇ ਬਣਿਆ ਸੀ, ਜਿੱਥੇ ਕਿ ਇਕ ਸਿਆਸੀ ਪਾਰਟੀ ਦੇ ਆਗੂ ਭਾਰਤੀ ਸਿੱਖਾਂ ਅਤੇ ਉਨ੍ਹਾਂ ਦੀਆਂ ਔਰਤਾਂ ਪ੍ਰਤੀ ਗਲਤ ਪ੍ਰਚਾਰ ਕਰਦੇ ਸੀ ਅਤੇ ਆਖਦੇ ਇਹ ਲੋਕ ਔਰਤਾਂ ਨੂੰ ਸਮਾਜ ਵਿਚ ਬਰਾਬਰ ਦਾ ਮਾਣ-ਸਨਮਾਨ ਨਹੀਂ ਦਿੰਦੇ ਅਤੇ ਛੋਟੀਆਂ ਬੱਚੀਆਂ ਦਾ ਵਿਆਹ ਜ਼ਬਰਦਸਤੀ ਕਰ ਦਿੰਦੇ ਹਨ। ਜਿਵੇਂ ਹੋਰ ਭਾਈਚਾਰੇ ਆਪਣੀਆਂ ਔਰਤਾਂ ਨੂੰ ਪੂਰੀ ਆਜ਼ਾਦੀ ਨਹੀਂ ਦਿੰਦੇ। ਦੂਜਾ ਇਹ ਲੋਕ ਸ਼ਰੇਆਮ ਗਲ਼ ‘ਚ ਹਥਿਆਰ (ਸਿਰੀ ਸਾਹਿਬ) ਪਾਕੇ ਘੁੰਮਦੇ ਹਨ। ਜਿਹੜਾ ਕਿ ਇਟਾਲੀਅਨ ਲੋਕਾਂ ਲਈ ਖ਼ਤਰਾ ਹੈ।
ਜਿਸ ਸੰਬਧੀ ਇਲਾਕੇ ‘ਚ ਰਹਿਣ ਵਾਲੇ ਭਾਰਤੀ ਸਿੱਖ ਭਾਈਚਾਰੇ ਨੇ ਗੰਭੀਰਤਾ ਨਾਲ ਵਿਚਾਰਦੇ ਹੋਏ ਇਸ ਕੂੜ-ਪ੍ਰਚਾਰ ਨੂੰ ਬੰਦ ਕਰਨ ਲਈ ਹੋ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਭਾਰਤੀ ਸਿੱਖ ਬੀਬੀ ਸੈਣੀ ਸਰਬਜੀਤ ਕੌਰ ਪਤਨੀ ਭਾਈ ਹਰਦੀਪ ਸਿੰਘ ਨੂੰ ਖੜ੍ਹਾ ਕੀਤਾ। ਬੀਬੀ ਸੈਣੀ ਸਰਬਜੀਤ ਕੌਰ ਜਿਹੜੇ ਕਿ ਪੰਜਾਬ ਦੇ ਪਿੰਡ ਮਹਿਤਪੁਰ ਉਲੱਦਣੀ (ਸ਼ਹੀਦ ਭਗਤ ਸਿੰਘ ਨਗਰ) ਨਾਲ ਸੰਬਧਤ ਹਨ ਨੂੰ ਸੁਜ਼ਾਰਾ ਸ਼ਹਿਰ ਦੇ ਲੋਕਾਂ ਨੇ ਸ਼ਾਨਦਾਰ ਜਿੱਤ ਨਾਲ ਕਾਮਯਾਬ ਕੀਤਾ ਹੈ। ਜਿਸ ਲਈ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਇਲਾਕੇ ‘ਚ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਨਾਲ-ਨਾਲ ਸਿੱਖ ਸਮਾਜ ਲਈ ਫੈਲਾਈ ਜਾ ਰਹੀ ਗਲਤ ਧਾਰਨਾ ਦੇ ਪ੍ਰਚਾਰ ਨੂੰ ਨੱਥ ਵੀ ਪਾਉਣਗੇ। ਜਿਹੜੀ ਵੀ ਉਨ੍ਹਾਂ ਨੂੰ ਕੋਈ ਸੇਵਾ ਨਗਰ ਕੌਂਸਲ ਵੱਲੋਂ ਆਵੇਗੀ ਉਹ ਸਮਾਜ ਸੇਵੀ ਕਾਰਜਾਂ ਵਿਚ ਲਗਾਉਣਗੇ, ਇਕ ਵੀ ਪੈਸਾ ਆਪਣੇ ਲਈ ਨਹੀਂ ਵਰਤਣਗੇ।
ਭਾਈ ਹਰਦੀਪ ਸਿੰਘ ਨੇ ਇਸ ਜਿੱਤ ਦਾ ਸਿਹਰਾ ਇਲਾਕੇ ਦੀ ਸਿੱਖ ਸੰਗਤ ਸਿਰ ਬੰਨ੍ਹਦਿਆਂ ਕਿਹਾ ਕਿ ਇਹ ਕਾਰਜ ਆਪ ਅਕਾਲ ਪੁਰਖ ਨੇ ਨੇਪੜੇ ਚਾੜਿਆ ਹੈ ਜਿਸ ਲਈ ਉਨ੍ਹਾਂ ਦਾ ਸਾਰਾ ਪਰਿਵਾਰ ਸ਼ੁਕਰਾਨਾ ਕਰਦਾ ਹੈ।