Canada: ਮਾਪਿਆਂ ਵੱਲੋਂ ਜ਼ਮੀਨ ਵੇਚ ਕੇ ਦੋ ਦਿਨ ਪਹਿਲਾਂ ਕੈਨੇਡਾ ਭੇਜੇ ਪੁੱਤ ਦੀ ਮੌਤ
Toronto: ਲਹਿਰਾਗਾਗਾ ਦੇ ਨੇੜਲੇ ਪਿੰਡ ਲੇਹਲ ਖੁਰਦ ਦੇ ਨੌਜਵਾਨ ਮਨਦੀਪ ਸਿੰਘ (32) ਦੀ ਕੈਨੇਡਾ ਵਿਚ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਮਾਪਿਆਂ ਨੇ ਜ਼ਮੀਨ ਵੇਚ ਕੇ ਵਰਕ ਪਰਮਿਟ ਉਤੇ ਕੈਨੇਡਾ ਭੇਜੇ ਪੁੱਤਰ ਦੀ ਦੋ ਦਿਨ ਬਾਅਦ ਹੀ ਕੈਨੇਡਾ ਪਹੁੰਚਣ ਮਗਰੋਂ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਲੇਹਲ ਖੁਰਦ ਦੇ ਮਨਦੀਪ ਸਿੰਘ ਨੂੰ ਪਰਿਵਾਰਕ ਮੈਂਬਰ ਅੱਠ ਜੂਨ ਨੂੰ ਏਅਰਪੋਰਟ ਦਿੱਲੀ ਜਹਾਜ਼ ਚੜ੍ਹਾ ਕੇ ਆਏ ਸਨ, ਪਰ ਦੋ ਦਿਨਾਂ ਬਾਅਦ ਹੀ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਉਥੇ ਇਕ ਦਿਨ ਕੰਮ ਉਤੇ ਜਾਣ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ 8 ਜੂਨ ਨੂੰ ਕੰਮਕਾਰ ਲਈ ਕੈਨੇਡਾ ਗਿਆ ਸੀ। ਉਸ ਦੀ ਦੇਹ ਕੈਨੇਡਾ ਦੇ ਏਅਰਪੋਰਟ ਵਿਚ ਰੱਖੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮਨਦੀਪ 8 ਜੂਨ ਨੂੰ ਹੀ ਕੈਨੇਡਾ ਜਾਣ ਲਈ ਪਿੰਡੋਂ ਗਿਆ ਸੀ। ਉਸ ਦੇ ਹਿੱਸੇ ਦੋ ਕਿੱਲੇ ਹੀ ਜ਼ਮੀਨ ਆਉਂਦੀ ਹੈ। ਉਹ ਵਿਆਹਿਆ ਹੋਇਆ ਸੀ ਅਤੇ ਉਸ ਦੀ ਢਾਈ ਸਾਲ ਦੀ ਲੜਕੀ ਹੈ। ਉਸ ਦੇ ਪਰਿਵਾਰ ਨੇ 30-32 ਲੱਖ ਰੁਪਏ ਕਰਜ਼ਾ ਲੈ ਕੇ ਕੈਨੇਡਾ ਦਾ ਵੀਜ਼ਾ ਲਵਾਇਆ ਸੀ।