Pakistani Fan: ਟ੍ਰੈਕਟਰ ਵੇਚ ਕੇ ਮੈਚ ਦੇਖਣ ਗਿਆ ਪਾਕਿਸਤਾਨ ਦਾ ‘ਜਬਰਾ’ ਫੈਨ, ਹਾਰ ਤੋਂ ਬਾਅਦ ਟੁੱਟਿਆ ਦਿਲ
New York: ਭਾਰਤ ਨੇ ਐਤਵਾਰ ਨੂੰ 119 ਦੌੜਾਂ ਦੇ ਸਕੋਰ ਦਾ ਬਚਾਅ ਕਰਦੇ ਹੋਏ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ, ਇਸ ਨਾਲ ਭਾਰਤੀ ਟੀਮ ਗਰੁੱਪ ਏ ਦੇ ਅੰਕ ਸੂਚੀ ਵਿਚ ਸਿਖਰ ‘ਤੇ ਪਹੁੰਚ ਗਈ ਹੈ। ਇਸ ਜਿੱਤ ਤੋਂ ਬਾਅਦ ਭਾਰਤੀ ਪ੍ਰਸ਼ੰਸਕ ਜਸ਼ਨ ਮਨਾਉਂਦੇ ਨਜ਼ਰ ਆਏ। ਉੱਥੇ ਹੀ ਪਾਕਿਸਤਾਨ ਦੀ ਇਸ ਹਾਰ ਨੇ ਇੱਕ ਪ੍ਰਸ਼ੰਸਕ ਦਾ ਦਿਲ ਤੋੜ ਦਿੱਤਾ। ਪਾਕਿਸਤਾਨ ਦੇ ਪ੍ਰਸ਼ੰਸਕ ਦਾ ਦੁੱਖ ਸੋਸ਼ਲ ਮੀਡੀਆ ‘ਤੇ ਬਹੁਤ ਹੀ ਵਾਇਰਲ ਹੋ ਰਿਹਾ ਹੈ।
ਦਰਅਸਲ, ਪਾਕਿਸਤਾਨ ਦੇ ਇੱਕ ਪ੍ਰਸ਼ੰਸਕ ਨੇ ਆਪਣੀ ਟੀਮ ਦਾ ਖੇਡ ਦੇਖਣ ਲਈ ਆਪਣਾ ਟ੍ਰੈਕਟਰ ਵੇਚ ਕੇ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਪਹੁੰਚਿਆ ਸੀ। ਪਾਕਿਸਤਾਨ ਟੀਮ ਦੀ ਹਰ ਤੋਂ ਬਾਅਦ ਉਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਇਸ ਮੈਚ ਲਈ 3,000 ਅਮਰੀਕੀ ਡਾਲਰ ਦੀ ਟਿਕਟ ਲੈਣ ਲਈ ਆਪਣਾ ਟ੍ਰੈਕਟਰ ਵੇਚ ਦਿੱਤਾ ਸੀ।
ਉਸ ਵਿਅਕਤੀ ਨੇ ਦੱਸਿਆ ਕਿ ਜਦੋਂ ਉਸ ਨੇ ਭਾਰਤ ਦਾ ਸਕੋਰ ਦੇਖਿਆ ਤਾਂ ਉਸ ਨੂੰ ਲੱਗਾ ਕਿ ਉਸ ਦੀ ਕੁਰਬਾਨੀ ਸਫਲ ਹੋਵੇਗੀ ਪਰ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਉਸ ਦੀਆਂ ਇੱਛਾਵਾਂ ‘ਤੇ ਪਾਣੀ ਫੇਰ ਦਿੱਤਾ। ਭਾਰਤੀ ਟੀਮ ਨੇ ਪਾਕਿਸਤਾਨ ਨੂੰ ਮਾਤ ਦੇ ਦਿੱਤੀ ਅਤੇ ਉਹ ਆਪਣੀ ਟੀਮ ਨੂੰ ਮੈਚ ਜਿੱਤਦਾ ਨਹੀਂ ਦੇਖ ਸਕਿਆ। ਮੈਚ ਤੋਂ ਬਾਅਦ ਵਿਅਕਤੀ ਨੇ ਪਾਕਿਸਤਾਨ ਨੂੰ ਹੋਰ ਮਿਹਨਤ ਕਰਨ ਦੀ ਸਲਾਹ ਦਿੱਤੀ।
ਟੀ-20 ਵਿਸ਼ਵ ਕੱਪ 2024 ਦਾ 19ਵਾਂ ਮੈਚ ਐਤਵਾਰ ਨੂੰ ਪੁਰਾਤਨ ਵਿਰੋਧੀਆਂ ਵਿਚਾਲੇ ਖੇਡਿਆ ਗਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 19 ਓਵਰਾਂ ‘ਚ 10 ਵਿਕਟਾਂ ‘ਤੇ 119 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਦੀ ਟੀਮ 20 ਓਵਰਾਂ ‘ਚ ਸੱਤ ਵਿਕਟਾਂ ‘ਤੇ 113 ਦੌੜਾਂ ਹੀ ਬਣਾ ਸਕੀ। ਜਸਪ੍ਰੀਤ ਬੁਮਰਾਹ ਦੀਗੇਂਦਬਾਜ਼ੀ ਦੀ ਬਦੌਲਤ ਮੈਚ ਛੇ ਦੌੜਾਂ ਨਾਲ ਜਿੱਤ ਲਿਆ।
ਤੇਜ਼ ਗੇਂਦਬਾਜ਼ ਨੇ ਇਸ ਮੈਚ ਵਿੱਚ ਕੁੱਲ ਤਿੰਨ ਵਿਕਟਾਂ ਲਈਆਂ। ਉਸਨੇ ਆਪਣੇ ਚਾਰ ਓਵਰਾਂ ਦੇ ਸਪੈਲ ਵਿੱਚ 3.50 ਦੀ ਆਰਥਿਕ ਦਰ ਨਾਲ ਸਿਰਫ 14 ਦੌੜਾਂ ਖਰਚ ਕੀਤੀਆਂ ਅਤੇ ਮੈਚ ਨੂੰ ਭਾਰਤ ਦੇ ਹੱਕ ਵਿੱਚ ਕਰ ਦਿੱਤਾ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਸ ਤੋਂ ਪਹਿਲਾਂ 2023 ਵਨਡੇ ਵਿਸ਼ਵ ਕੱਪ ‘ਚ ਬੁਮਰਾਹ ਨੇ ਪਾਕਿਸਤਾਨ ਖਿਲਾਫ 19 ਦੌੜਾਂ ‘ਤੇ ਦੋ ਵਿਕਟਾਂ ਲਈਆਂ ਸਨ ਅਤੇ ਉਹ ਮੈਚ ਦਾ ਪਲੇਅਰ ਬਣਿਆ ਸੀ।